Ludhiana NewsNationNewsPunjab newsWorld

ਲੁਧਿਆਣਾ : ਦੁਸਹਿਰੇ ਮੇਲੇ ਮੌਕੇ ਵਾਪਰਿਆ ਹਾਦਸਾ, ਝੂਲਾ ਝੂਲਦੇ ਸਮੇਂ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ

ਲੁਧਿਆਣਾ ਵਿਚ ਵਰਧਮਾਨ ਚੌਕ, ਗਲਾਡਾ ਮੈਦਾਨ ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ। ਬੀਤੀ ਸ਼ਾਮ ਕੁਝ ਨੌਜਵਾਨ ਝੂਲ਼ਾ ਝੂਲਣ ਆਏ। ਉਹ ਕੋਲੰਬਸ ਝੂਲੇ ਦਾ ਮਜ਼ਾ ਲੈ ਰਹੇ ਸਨ ਕਿ ਅਚਾਨਕ ਝੂਲੇ ਵਿਚ ਬਿਜਲੀ ਦਾ ਕਰੰਟ ਨੌਜਵਾਨ ਨੂੰ ਲੱਗਾ। ਹੌਰ ਨੌਜਵਾਨਾਂ ਨੂੰ ਵੀ ਕਰੰਟ ਲੱਗਾ ਪਰ ਜਿਸ ਨੂੰ ਸਭ ਤੋਂ ਪਹਿਲਾਂ ਲੱਗਾ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਰਨ ਵਾਲੇ ਨੌਜਵਾਨ ਦੇ ਦੋਸਤ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਕੋਲੰਬਸ ਰਾਈਡ ਵਿਚ ਬੈਠੇ ਸਨ ਕਿ ਗਗਨਦੀਪ ਸਿੰਘ ਨੂੰ ਬਿਜਲੀ ਦਾ ਝਟਕਾ ਲੱਗਾ ਤੇ ਉਹ ਡਿੱਗ ਗਿਆ। ਹੋਰ ਨੌਜਵਾਨਾਂ ਨੂੰ ਵੀ ਬਿਜਲੀ ਦਾ ਝਟਕਾ ਲੱਗਾ ਪਰ ਉਹ ਮਾਮੂਲੀ ਸੀ। ਉਨ੍ਹਾਂ ਨੇ ਤੁਰੰਤ ਜਾਇਰਾਇਡ ਦੇ ਲੋਹੇ ਦੇ ਹਿੱਸਿਆਂ ‘ਤੇ ਆਪਣੀ ਪਕੜ ਢਿੱਲੀ ਕਰ ਲਈ ਪਰ ਗਗਨਦੀਪ ਸਿੰਘ ਨੂੰ ਲੋਹਾ ਛੱਡਣ ਦਾ ਮੌਕਾ ਹੀ ਨਹੀਂ ਮਿਲਿਆ।

ਪ੍ਰਦੀਪ ਮੁਤਾਬਕ ਝੂਲਾ ਸੰਚਾਲਕ ਨੂੰ ਜਾਇਰਾਇਡ ਰੋਕਣ ਲਈ ਕਿਹਾ ਤੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਲਗਭਗ 15 ਮਿੰਟ ਤੱਕ ਕੋਈ ਮੌਕੇ ‘ਤੇ ਨਹੀਂ ਪਹੁੰਚਿਆ ਤਾਂ ਗਗਨਦੀਪ ਨੂੰ ਕਾਰ ਵਿਚ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਝੂਲਾ ਸੰਚਾਲਕ ਹਾਦਸੇ ਦੇ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (22) ਮੁੰਡੀਆਂ ਖੁਰਦ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਠੇਕੇਦਾਰ ਖ਼ਿਲਾਫ਼ ਅਣਗਹਿਲੀ ਕਾਰਨ ਹੋਈ ਮੌਤ ਦਾ ਕੇਸ ਦਰਜ ਕਰ ਲਿਆ ਹੈ। ਗਗਨਦੀਪ ਸਟਾਕ ਬ੍ਰੋਕਰ ਦਾ ਕੰਮ ਕਰਦਾ ਸੀ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਠੇਕੇਦਾਰ ਖਾਮਿਦ ਅਲੀ ਨੇ ਦਾਅਵਾ ਕੀਤਾ ਕਿ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਆਦਮੀ ਝੂਲੇ ਤੋਂ ਹੇਠਾਂ ਆ ਗਿਆ ਸੀ ਅਤੇ ਉਲਟੀਆਂ ਕਰ ਰਿਹਾ ਸੀ।

ਖਾਮਿਦ ਨੇ ਦੱਸਿਆ ਕਿ ਉਸ ਦੇ ਦੋਸਤ ਉਸ ਨੂੰ ਹਸਪਤਾਲ ਲੈ ਗਏ। ਉਨ੍ਹਾਂ ਨੂੰ ਸ਼ੱਕ ਹੈ ਕਿ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਠੇਕੇਦਾਰ ਖਾਮਿਦ ਅਲੀ ਨੇ ਪੀੜਤ ਪਰਿਵਾਰ ਦੇ ਦਾਅਵਿਆਂ ਦਾ ਖੰਡਨ ਕੀਤਾ ਕਿ ਜੇਕਰ ਵਿਅਕਤੀ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਸੀ ਤਾਂ ਜੋਇਰਾਈਡ ਵਿੱਚ 100 ਦੇ ਕਰੀਬ ਲੋਕ ਬੈਠੇ ਸਨ। ਹੋਰ ਲੋਕਾਂ ਨੂੰ ਵੀ ਬਿਜਲੀ ਦਾ ਕਰੰਟ ਲੱਗ ਜਾਵੇਗਾ, ਪਰ ਸਿਰਫ ਉਸਨੂੰ ਹੀ ਕਿਉਂ ਲੱਗਾ।

Comment here

Verified by MonsterInsights