ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਮਸ਼ਹੂਰ ਗੀਤ ‘ਚਿੱਟਾ’ ਨੂੰ ਸਟੇਜ ’ਤੇ ਨਾ ਗਾਉਣ ਪਿੱਛੇ ਦੀ ਵਜ੍ਹਾ ਸਾਂਝੀ ਕੀਤੀ ਹੈ। ਉਹ ਮਾਨਸਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਲਗਾਏ ਗਏ ਧਰਨੇ ਵਿੱਚ ਪਹੁੰਚੇ ਸਨ। ਇਸ ਦੌਰਾਨ ਜਦੋਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਸਵਾਲ ਕੀਤਾ, ਤਾਂ ਰਣਜੀਤ ਬਾਵਾ ਨੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ।ਰਣਜੀਤ ਬਾਵਾ ਨੇ ਦੱਸਿਆ ਕਿ ਗੀਤ ‘ਚਿੱਟਾ’ ਅਤੇ ‘ਮੇਰਾ ਕੀ ਕਸੂਰ’ ਰਾਹੀਂ ਸਮਾਜਿਕ ਮੁੱਦੇ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਮੁਤਾਬਕ, ਉਨ੍ਹਾਂ ’ਤੇ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਬਣਾਇਆ ਗਿਆ ਅਤੇ ਕਾਨੂੰਨੀ ਸ਼ਿਕਾਇਤਾਂ ਤੇ ਪਰਚਿਆਂ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਇਸੇ ਕਾਰਨ ਸਟੇਜ ’ਤੇ ਅਜਿਹੇ ਸੰਵੇਦਨਸ਼ੀਲ ਗੀਤ ਗਾਉਣ ਸਮੇਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਰਹਿੰਦੀਆਂ ਹਨ।
ਇਸ ਮੌਕੇ ਰਣਜੀਤ ਬਾਵਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਕੋਈ ਕਲਾਕਾਰ ਸਿਸਟਮ ਜਾਂ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ, ਤਾਂ ਕਈ ਵਾਰ ਉਸ ਦਾ ਸਾਥ ਦੇਣ ਵਾਲੇ ਘੱਟ ਰਹਿ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਦਾ ਸਾਥ ਉਸ ਦੇ ਜਿਉਂਦੇ ਜੀਅ ਦੇਣਾ ਸਿੱਖੋ, ਕਿਉਂਕਿ ਲੋਕਾਂ ਦੇ ਸਮਰਥਨ ਤੋਂ ਬਿਨਾਂ ਕਲਾਕਾਰਾਂ ਲਈ ਸਟੇਜ ਤੋਂ ਸੱਚ ਬੋਲਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਨ ਲਈ ਧਰਨੇ ਵਿੱਚ ਪਹੁੰਚੇ ਸਨ। ਉਨ੍ਹਾਂ ਦਾ ਮਕਸਦ ਮਨੋਰੰਜਨ ਕਰਨਾ ਨਹੀਂ, ਸਗੋਂ ਇੱਕ ਅਹਿਮ ਸਮਾਜਿਕ ਮੁੱਦੇ ’ਤੇ ਆਪਣੀ ਆਵਾਜ਼ ਬੁਲੰਦ ਕਰਨਾ ਸੀ। ਇਸੇ ਲਈ ਉਨ੍ਹਾਂ ਨੇ ਗੀਤ ਗਾਉਣ ਦੀ ਬਜਾਏ ਮੁੱਦੇ ’ਤੇ ਗੱਲ ਕਰਨੀ ਜ਼ਿਆਦਾ ਜ਼ਰੂਰੀ ਸਮਝੀ।


Comment here