.ਲੋਹੜੀ ਦਾ ਤਿਉਹਾਰ ਆ ਰਿਹਾ ਹੈ ਅਤੇ ਅਕਸਰ ਵੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ । ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅੱਧ ਵਿਚਕਾਰ ਲਗਾਏ ਜਾਂਦੇ ਹਨ। ਦੇਰ ਸ਼ਾਮ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਸ਼ਹਿਰ ਦੇ ਮੁੱਖ ਵਿਚਾਰ ਹਨੁਮਾਨ ਚੌਂਕ ਤੋਂ ਤਿੱਬੜੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਵੱਲੋਂ ਸੜਕ ਦੇ ਅੱਧ ਵਿਚਕਾਰ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਸਮਾਨ ਕਾਉੰਟਰ ਲਗਾ ਕੇ ਸਜਾਇਆ ਗਿਆ ਸੀ। ਉੱਥੇ ਹੀ ਦੁਕਾਨਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖੇ ਗਏ ਜਿਸ ਤੇ ਐਸਪੀ ਹੈਡ ਕੁਆਟਟਰ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਈਆਂ ਤੇ ਬੋਰਡ ਵੀ ਚੁਕਵਾ ਦਿੱਤੇ ਗਏ। ਪੁਲਿਸ ਅਧਿਕਾਰੀ ਵੱਲੋਂ ਰੇਹੜੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਆਪਣੀਆਂ ਰੇਹੜੀਆਂ ਫੁੱਟਪਾਥ ਤੋਂ ਪਿੱਛੇ ਰੱਖਣ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੀ ਹੱਦ ਤੋਂ ਬਾਹਰ ਪਾਇਆ ਗਿਆ ਤਾਂ ਜਬਤ ਕਰ ਲਿਆ ਜਾਵੇਗਾ। ਦੱਸ ਦਈਏ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ੇ ਵੀ ਮੰਨਿਆ ਜਾ ਰਿਹਾ ਹੈ।