ਸਮਰਾਲਾ ਦੇ ਨਜ਼ਦੀਕ ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਤਰਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ, ਜਿਸ ਵਿਚ ਉਨ੍ਹਾਂ ਦਾ ਸਾਰਾ ਕੱਪੜਾ, ਸਾਮਾਨ, ਨਕਦੀ, ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ। ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿਚ ਬਣੀਆਂ 2 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਜਿਨਾਂ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ ਸਾਢੇ ਤਿੰਨ ਲੱਖ ਰੁਪਏ ਦਾ ਕੱਪੜਾ ਸੜਕ ਤੇ ਸਵਾਹ ਹੋ ਗਿਆ। ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਪਹਿਨਣ ਲਈ ਕੱਪੜੇ, ਖਾਣ ਲਈ ਰਾਸ਼ਨ ਅਤੇ ਨਾ ਸਿਰ ’ਤੇ ਛੱਤ ਬਚੀ। ਗਰੀਬ ਪਰਿਵਾਰਾਂ ਨੇ ਪ੍ਰਸਾਸ਼ਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਕਿ ਔਖੀ ਘੜੀ ਵਿਚ ਉਨ੍ਹਾਂ ਦੀ ਮੱਦਦ ਲਈ ਅੱਗੇ ਆਉਣ। ਝੁੱਗੀ ਬਣਾ ਕੇ ਰਹਿੰਦੇ ਦਰਸ਼ੀ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਝੁੱਗੀਆਂ ਨੂੰ ਅੱਗ ਲੱਗੀ ਅੱਗ ਦੇ ਭਾਂਬੜ ਦੇਖ ਕੇ ਸਾਰੇ ਪਰਿਵਾਰਾਂ ਦੇ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਝੁੱਗੀਆਂ ਤੋਂ ਬਾਹਰ ਆ ਗਏ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਅੱਗ ਇੰਨੀ ਜਿਆਦਾ ਸੀ ਕਿ ਆਪਣੇ ਪਾਲਤੂ ਜਾਨਵਰਾਂ ਨੂੰ ਬਾਹਰ ਕੱਢਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਕਈ ਪਸ਼ੂ ਵੀ ਸੜ ਕੇ ਮਰ ਗਏ ਝੁੱਗੀਆਂ ਵਿੱਚ ਪਿਆ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਦਰਸ਼ੀ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇੱਕ ਵਿਅਕਤੀ ਨੇ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲਗਾਈ ਹੈ।