News

ਪੁਲਿਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੋ ਦਿਨ ਤੋਂ ਖੜਾ ਖਰਾਬ ਟਰੱਕ ਨਹੀਂ ਕੀਤਾ ਪਾਸੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਹੋਈ ਮੌਤ

ਕੱਲ੍ਹ ਦੇਰ ਸ਼ਾਮ ਸਰਹਿੰਦ ਨਹਿਰ ਕਿਨਾਰੇ ਗਡ਼੍ਹੀ ਪੁਲ ਨੇਡ਼੍ਹੇ ਇੱਕ ਟਰੱਕ ਨੇ ਬਹਿਲੋਲਪੁਰ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਦੀ ਜਾਨ ਲੈ ਲਈ ਸੀ ਅਤੇ ਅੱਜ ਫਿਰ 24 ਘੰਟੇ ਬਾਅਦ ਸਡ਼ਕ ’ਤੇ ਖਡ਼ੇ ਇਸ ਟਰੱਕ ਨਾਲ ਕੰਮ ਤੋਂ ਘਰ ਪਰਤ ਰਿਹਾ ਹਲਵਾਈ ਗੁਰਸ਼ਰਨ ਸਿੰਘ ਵਾਸੀ ਬਿੱਲੋਂ ਮੋਟਰਸਾਈਕਲ ਸਮੇਤ ਜਾ ਟਕਰਾਇਆ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿੱਲੋਂ ਪਿੰਡ ਦਾ ਵਾਸੀ ਗੁਰਸ਼ਰਨ ਸਿੰਘ ਹਲਵਾਈ ਦਾ ਕੰਮ ਕਰਦਾ ਸੀ ਅਤੇ ਉਹ ਸਮਰਾਲਾ ਤੋਂ ਇੱਕ ਵਿਆਹ ਸਮਾਗਮ ਤੋਂ ਕੰਮ ਕਰਕੇ ਆਪਣੇ ਮੋਟਰਸਾਈਕਲ ਰਾਹੀਂ ਘਰ ਵਾਪਸ ਪਰਤ ਰਿਹਾ ਸੀ। ਸਡ਼ਕ ਨਹਿਰ ਦੇ ਗਡ਼੍ਹੀ ਪੁਲ ਨੇਡ਼੍ਹੇ ਪਹਿਲਾਂ ਹੀ ਹਾਦਸੇ ਕਾਰਨ ਸਡ਼ਕ ’ਤੇ ਖਡ਼ੇ ਟਰੱਕ ਪਿੱਛੇ ਜਾ ਟਕਰਾਇਆ ਜਿਸ ਕਾਰਨ ਉਸਦੀ ਮੌਤ ਹੋ ਗਈ। 24 ਘੰਟਿਆਂ ਅੰਦਰ ਇਸ ਟਰੱਕ ਨੇ 2 ਵਿਅਕਤੀਆਂ ਦੀ ਜਾਨ ਲੈ ਲਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜਾਂ ਤਾਂ ਇਸ ਟਰੱਕ ਨੂੰ ਸਡ਼ਕ ਤੋਂ ਹਟਾਉਣਾ ਚਾਹੀਦਾ ਸੀ ਜਾਂ ਇਸ ਦੇ ਆਲੇ ਦੁਆਲੇ ਬੈਰੀਕੇਡ ਲਗਾਉਣੇ ਚਾਹੀਦੇ ਸਨ। ਦੂਸਰੇ ਪਾਸੇ ਪੁਲਸ ਵਲੋਂ ਪਹਿਲੇ ਹੋਏ ਹਾਦਸੇ ਤੋਂ ਬਾਅਦ ਟਰੱਕ ਮਾਲਕਾਂ ਨੂੰ ਬੁਲਾਇਆ ਹੋਇਆ ਸੀ ਕਿ ਉਹ ਆ ਕੇ ਆਪਣੇ ਇਸ ਵਾਹਨ ਨੂੰ ਥਾਣੇ ਲੈ ਕੇ ਆਉਣ ਕਿਉਂਕਿ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਲੋਕਾਂ ਨੇ ਦੱਸਿਆ ਕਿ ਇਹ ਟਰੱਕ ਕੱਲ੍ਹ ਸਵੇਰ ਤੋਂ ਸਡ਼ਕ ਕਿਨਾਰੇ ਖ਼ਰਾਬ ਖਡ਼ਾ ਹੈ ਜਿਸ ਕਾਰਨ ਹਾਦਸੇ ਵਾਪਰਨ ਕਾਰਨ 2 ਵਿਅਕਤੀਆਂ ਦੀ ਜਾਨ ਚਲੀ ਗਈ। ਮ੍ਰਿਤਕ ਗੁਰਸ਼ਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹਾਦਸੇ ਵਾਲੀ ਥਾਂ ’ਤੇ ਰੋਸ ਪ੍ਰਦਰਸ਼ਨ ਕਰ ਸਡ਼ਕ ਜਾਮ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜਿਸ ਦੀ ਵੀ ਲਾਪ੍ਰਵਾਹੀ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਘਟਨਾ ਸਥਾਨ ’ਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਪੁੱਜੇ ਜਿਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟਰੱਕ ਚਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਰੋਹ ’ਚ ਆਏ ਕਿਸੇ ਵਿਅਕਤੀ ਨੇ ਟਰੱਕ ਨੂੰ ਲਗਾ ਦਿੱਤੀ ਅੱਗ | ਹਾਦਸੇ ਤੋਂ ਬਾਅਦ ਜਦੋਂ ਮ੍ਰਿਤਕ ਗੁਰਸ਼ਰਨ ਸਿੰਘ ਦੀ ਲਾਸ਼ ਨੂੰ ਐਂਬੂਲੈਸ ’ਚ ਰੱਖਿਆ ਜਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਟਰੱਕ ਦੇ ਕੈਬਿਨ ਨੂੰ ਅੱਗ ਲਗਾ ਦਿੱਤੀ। ਮੌਕੇ ’ਤੇ ਪੁਲਸ ਕਰਮਚਾਰੀਆਂ ਤੇ ਲੋਕਾਂ ਨੇ ਸਰਹਿੰਦ ਨਹਿਰ ’ਚੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਪੁਲਸ ਤੇ ਲੋਕ ਅੱਗ ਨੂੰ ਨਾ ਬੁਝਾਉਂਦੇ ਤਾਂ ਟਰੱਕ ਜਲ ਕੇ ਰਾਖ਼ ਹੋ ਜਾਣਾ ਸੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਅੱਗ ’ਤੇ ਕਾਬੂ ਪਾਇਆ।

Comment here

Verified by MonsterInsights