Site icon SMZ NEWS

ਵਿਆਹ ਵਾਲੇ ਘਰ ’ਚ ਜਾਗੋ ਸਮਾਗਮ ਦੌਰਾਨ ਗੁਆਂਢੀ ਨੇ ਚਲਾ ਦਿੱਤੀਆਂ ਗੋਲੀਆਂ, ਲਾੜੇ ਦਾ ਚਚੇਰਾ ਭਰਾ ਜਖ਼ਮੀ

ਮਾਛੀਵਾਡ਼ਾ ਸਾਹਿਬ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਇੱਕ ਵਿਆਹ ਵਾਲੇ ਘਰ ਵਿਚ ਜਾਗੋ ਸਮਾਗਮ ਚੱਲ ਰਿਹਾ ਸੀ ਪਰ ਉੱਥੇ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਲਾੜੇ ਦਾ ਚਚੇਰਾ ਭਰਾ ਮਨਦੀਪ ਸਿੰਘ ਵਾਸੀ ਕੋਟ ਗੰਗੂ ਰਾਏ ਜਖ਼ਮੀ ਹੋ ਗਿਆ। ਹਸਪਤਾਲ ਵਿਚ ਇਲਾਜ ਅਧੀਨ ਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ। ਉਨ੍ਹਾਂ ਦਾ ਗੁਆਂਢੀ ਜਗਦੀਸ਼ ਸਿੰਘ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸਨੇ ਆਪਣੇ ਪਿਸਤੌਲ ਨਾਲ 3 ਹਵਾਈ ਫਾਇਰ ਕੀਤੇ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸਨੇ ਮੈਨੂੰ ਗਾਲੀ ਗਲੋਚ ਕਰਦਿਆਂ ਕੱਚ ਦਾ ਗਿਲਾਸ ਮੇਰੇ ਵੱਲ ਮਾਰਿਆ। ਜਗਦੀਸ਼ ਸਿੰਘ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਮਕਾਨ ਦੀ ਛੱਤ ’ਤੇ ਚੜ੍ਹ ਗਿਆ ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ 3 ਫਾਇਰ ਕੀਤੇ ਜਿਸ ’ਚੋਂ ਇੱਕ ਗੋਲੀ ਮੇਰੇ ਮੱਥੇ ਦੇ ਖੱਬੇ ਪਾਸਿਓਂ ਛੂਹ ਕੇ ਲੰਘ ਗਈ ਜਦਕਿ 2 ਗੋਲੀਆਂ ਮੇਰੀ ਖੱਬੀ ਬਾਂਹ ’ਤੇੇ ਲੱਗੀਆਂ। ਜਖ਼ਮੀ ਹਾਲਤ ਵਿਚ ਉਸ ਨੂੰ ਦੋਰਾਹਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਪਿੰਡ ਵਿਚ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਸਬੰਧੀ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀਆਂ ਚਲਾਈਆਂ।

Exit mobile version