ਪਿੰਡ ਰੁੜਕਾ ਕਲਾਂ ਜਿਲ੍ਹਾ ਜਲੰਧਰ ਦਾ ਇੱਕ ਇਤਿਹਾਸਕ ਨਗਰ ਹੈ ਤੇ ਕਰੀਬ 450 ਸਾਲ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ (ਠੱਠੀਆਂ) ਤੋਂ ਆਏ ਪੰਜ ਸੰਧੂ ਭਰਾਵਾਂ ਨੇ ਪਿੰਡ ਰੁੜਕਾ ਕਲਾਂ ਵਸਾਇਆ ਸੀ। ਪੁਰਾਤਨ ਜਿਕਰ ਮੁਤਾਬਕ ਪਹਿਲਾਂ ਦੋ ਭਰਾ ਇੱਥੇ ਆਏ ਸਨ ਤਾਂ ਇੱਥੇ ਬਹੁਤ ਭਾਰੀ ਜੰਗਲ ਹੁੰਦਾ ਸੀ। ਉਨ੍ਹਾਂ ਨੇ ਦੇਖਿਆ ਕਿ ਇੱਥੇ ਇੱਕ ਤਾਜ਼ੀ ਸੂਈ ਬੱਕਰੀ ਆਪਣੇ ਬੱਚਿਆਂ (ਮੇਮਣੇ) ਦੀ ਰਾਖੀ ਲਈ ਸ਼ੇਰ ਨਾਲ ਮੁਕਾਬਲਾ ਕਰ ਰਹੀ ਸੀ। ਦੋਹਾਂ ਭਰਾਵਾਂ ਨੇ ਸ਼ੇਰ ਨੂੰ ਡਰਾ ਕੇ ਭਜਾ ਦਿੱਤਾ ਅਤੇ ਮਾਝੇ ਜਾ ਕੇ ਇਹ ਘਟਨਾ ਭਰਾਵਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸੋਚਿਆ ਕਿ ਇਹ ਕੋਈ ਪੁਰਾਤਨ ਤੇ ਸਖ਼ਤ ਜਗ੍ਹਾ ਹੈ, ਇੱਥੇ ਪਿੰਡ ਬੰਨ੍ਹਣਾ ਚਾਹੀਦਾ ਹੈ। ਪੰਜ ਭਰਾਵਾਂ ਦੇ ਨਾਮ ਸਨ ਬਾਬਾ ਬੂਲਾ, ਭੂੰਦੜ, ਰਾਵਲ, ਹੇਤਾ ਅਤੇ ਗਓ (ਗਊ)। ਇਨ੍ਹਾਂ ਪੰਜਾਂ ਭਰਾਵਾਂ ਦੇ ਨਾਮ ਤੇ ਹੀ ਪਿੰਡ ਦੀਆਂ ਪੰਜ ਪੱਟੀਆਂ ਦੇ ਨਾਮ ਹਨ।
ਪਿੰਡ ਰੁੜਕਾ ਕੱਲਾਂ ਦਾ ਇਤਿਹਾਸ ਅੰਗਰੇਜਾਂ ਵੇਲੇ ਨਾਲ ਵੀ ਜੁੜਿਆ ਹੈ।ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਰੁੜਕਾ ਕਲਾਂ ਦੇ ਬਾਸ਼ਿੰਦਿਆਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ। 1920 ਦੇ ਅਸਹਿਯੋਗ ਅੰਦੋਲਨ ਦੌਰਾਨ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ, ਵਿਨੋਭਾ ਭਵੇ, ਮੋਤਾ ਸਿੰਘ, ਲਾਲਾ ਹਰਦਿਆਲ ਅਤੇ ਹੋਰ ਰਾਸ਼ਟਰੀ ਆਗੂਆਂ ਵੱਲੋਂ ਪਿੰਡ ਵਿੱਚ ਵੱਡੀਆਂ ਕਾਨਫਰੰਸਾਂ ਕੀਤੀਆਂ ਗਈਆਂ। ਰੁੜਕਾ ਕਲਾਂ ਦੇ ਮਹਾਨ ਸਪੂਤ ਬਾਬਾ ਬਚਿੰਤ ਸਿੰਘ ‘ਕਿੰਗ ਆਫ਼ ਰੁੜਕਾ ਕਲਾਂ’ ਦੀ ਅਗਵਾਈ ਵਿੱਚ ਪਿੰਡ ਦੀ ਪੰਚਾਇਤ – ਬਣਾਈ ਗਈ। ਉਨ੍ਹਾਂ ਨੂੰ ਕਿੰਗ ਆਫ਼ ਰੁੜਕਾ ਕਲਾਂ ਦਾ ਖਿਤਾਬ ਲਾਲਾ ਲਾਜਪਤ ਰਾਏ ਵਾਲੋਂ ਦਿੱਤਾ ਗਿਆ ਸੀ। ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਅਤੇ ਪੁਲਿਸ ਨੂੰ ਪਿੰਡ ਵਿੱਚ ਵੜਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਜ਼ਾਲਮ ਫ਼ਿਰੰਗੀ ਸਰਕਾਰ ਦਾ ਹੁਕਮ ਮੰਨਣ ਅਤੇ ਭੂਮੀ-ਕਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਨੇ 1921 ਵਿੱਚ ਪਿੰਡ ਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ। ਜਿਸ ਦੇ ਉਹ ਖ਼ੁਦ (ਸਰਦਾਰ ਬਚਿੰਤ ਸਿੰਘ) ਰਾਜਾ ਬਣੇ, ਪੰਡਿਤ ਸੰਗਤ ਰਾਏ ਵਜ਼ੀਰ, ਲਾਲਾ ਦੁਰਗਾ ਦਾਸ ਮੈਨੀ ਸਬ ਇੰਸਪੈਕਟਰ ਪੁਲਿਸ ਅਤੇ ਹੋਰ ਦੇਸ਼ ਭਗਤ ਸ਼ਾਮਿਲ ਸਨ।
Comment here