ਜ਼ਿਲਾ ਗੁਰਦਾਸਪੁਰ ਦੇ ਪਿੰਡ ਜਾਂਗਲਾ ਦੇ ਨੌਜਵਾਨ ਦੀ ਭੇਦ ਭਰੇ ਹਾਲਤ ‘ਚ ਲਾਹੌਰ ਬਰਾਂਚ ਨਹਿਰ ਚੋਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਛਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਾਂਗਲਾ ਵਜੋਂ ਹੋਈ ਹੈ ।ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਪਿੰਡ ਜਗਦੇਵ ਕਲਾਂ ਨਜਦੀਕ ਲੰਘਦੀ ਨਹਿਰ ਚੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭੈਣ ਨੇ ਪਿੰਡ ਭਾਰਥਵਾਲ ਦੇ ਵਿਅਕਤੀ ਤੇ ਕਤਲ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੀ ਮਾਤਾ ਪਲਵਿੰਦਰ ਕੌਰ ਨੇ ਦੱਸਿਆ ਕੀ 31 ਜੁਲਾਈ ਨੂੰ ਉਸਦੇ ਪੁੱਤਰ ਪ੍ਰਭਦੀਪ ਸਿੰਘ ਨੂੰ ਪਿੰਡ ਭਾਰਥਵਾਲ ਦਾ ਇੱਕ ਵਿਅਕਤੀ ਸ਼ਾਮ 8 ਵਜੇ ਘਰੋਂ ਉਸਨੂੰ ਬੁਲਾ ਕੇ ਲੈ ਗਿਆ ਸੀ। ਮ੍ਰਿਤਕ ਦੀ ਮਾਤਾ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਉਹਨਾਂ ਨੇ ਉਕਤ ਵਿਅਕਤੀ ਨੂੰ ਜਦ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਉਕਤ ਵਿਅਕਤੀ ਕਿਧਰੇ ਚਲਾ ਗਿਆ ਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਵਿਅਕਤੀ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪ੍ਰਭਦੀਪ ਸਿੰਘ ਦੀ ਲਾਸ਼ ਨਹਿਰ ਚੋਂ ਹੀ ਮਿਲੇਗੀ ਜਿਸ ਤੋਂ ਉਨਾਂ ਨੂੰ ਸ਼ੰਕਾ ਹੈ ਕਿ ਉਸਦੇ ਪੁੱਤਰ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਚ ਸੁੱਟ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਭੈਣ ਪਲਕਦੀਪ ਕੌਰ ਨੇ ਕਿਹਾ ਕਿ ਜਦ ਉਕਤ ਵਿਆਕਤੀ ਉਸਦੇ ਭਰਾ ਨੂੰ ਨਾਲ ਲੈ ਕੇ ਜਾ ਰਿਹਾ ਸੀ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਉਸਨੇ ਦੱਸਿਆ ਕਿ ਐਤਵਾਰ ਨੂੰ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਥਾਣਾ ਝੰਡੇਰ ਕਲਾਂ ਦੇ ਅਧੀਨ ਪਿੰਡ ਸੰਗਤਪੁਰਾ ਦੇ ਨਜ਼ਦੀਕ ਨਹਿਰ ਲਾਹੌਰ ਬਰਾਂਚ ਚੋਂ ਇੱਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਪ੍ਰਭਦੀਪ ਸਿੰਘ ਵਜੋਂ ਹੋਈ ਹੈ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਭਰਾ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ।