ਪਖੰਡ ਅਤੇ ਅੰਧਵਿਸ਼ਵਾਸ ਵਿਰੁੱਧ 27 ਜੂਨ ਦੇ ਧਰਨੇ ਵਿੱਚ ਸਮੂਹ ਜਥੇਬੰਦੀਆਂ ਇੱਕਜੁੱਟ – ਗਿਆਨੀ ਗੁਰਪ੍ਰੀਤ ਸਿੰਘ ਸਿੰਘ ਉਦਾਸੀਨ ਵੱਲੋਂ ਪੰਜਾਬ ਵਾਸੀਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਅਤੇ 27 ਜੂਨ ਨੂੰ ਜਲੰਧਰ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਲਈ ਤਰਨਾ ਦਲ ਬਾਬਾ ਮੇਜਰ ਸਿੰਘ, ਵਾਲਮੀਕਿ ਸਮਾਜ ਬਾਬਾ ਨਛੱਤਰ ਨਾਥ, ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਅਸ਼ਨੀਲ ਮਹਾਰਾਜ ਜੀ ਅਤੇ ਧਰਮ ਜਾਗਰਣ ਦੇ ਸੰਯੋਜਕ ਰਾਜ ਕੁਮਾਰ ਨੇ ਆਪਣਾ ਸਮਰੱਥਣ ਦਿੱਤਾ। ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਉਦਾਸੀਨ ਨੇ ਦੱਸਿਆ ਕਿ ਪੰਜਾਬ ਵਿੱਚ ਇਸਾਈ ਸਮਾਜ ਵੱਲੋਂ ਪਾਖੰਡ ਅਤੇ ਅੰਧ-ਵਿਸ਼ਵਾਸ ਨੂੰ ਵਧਾਵਾ ਦੇ ਕੇ ਵੱਡੇ ਪੱਧਰ ’ਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਧਰਮ ਪਰਿਵਰਤਨ ਦੀ ਨਹੀਂ ਬਲਕਿ ਇਸਦੀ ਆੜ ਵਿੱਚ ਫੈਲਾਏ ਜਾ ਰਹੇ ਪਾਖੰਡਵਾਦ, ਅੰਧ-ਵਿਸ਼ਵਾਸ ਅਤੇ ਸਿੱਖ ਜਾਂ ਹਿੰਦੂ ਧਰਮ ਤੋਂ ਧਰਮ ਪਰਿਵਰਤਨ ਕਰਕੇ ਉਕਤ ਸਮਾਜ ਤੋਂ ਲਏ ਜਾ ਰਹੇ ਲਾਭਾਂ ਬਾਰੇ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹਿੰਦੂ ਜਾਂ ਸਿੱਖ ਪਰਿਵਾਰ ਦਾ ਧਰਮ ਪਰਿਵਰਤਨ ਕਰਦਾ ਹੈ ਤਾਂ ਸਰਕਾਰ ਨੂੰ ਉਨ੍ਹਾਂ ਦੇ ਸਾਰੇ ਅਧਿਕਾਰ ਖੋਹਣੇ ਚਾਹੀਦੇ ਹਨ ਤਾਂ ਜੋ ਉਹ ਵਿਅਕਤੀ ਦੂਜਿਆਂ ਵਿੱਚ ਪਾਖੰਡਵਾਦ ਅਤੇ ਅੰਧਵਿਸ਼ਵਾਸ ਨਾ ਫੈਲਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਸਰਕਾਰ ਦੇ ਨਾਂਅ ਕਈ ਮੰਗ ਪੱਤਰ ਦੇ ਚੁੱਕੇ ਹਨ ਪਰ ਨਾ ਤਾਂ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਸਰਕਾਰ ਇਸ ਪਾਸੇ ਕੋਈ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਲੈ ਕੇ ਉਹ 27 ਜੂਨ ਨੂੰ ਸਿੱਖ ਅਤੇ ਹਿੰਦੂ ਭਾਈਚਾਰੇ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਜੂਨ ਨੂੰ ਸਵੇਰੇ 8 ਵਜੇ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਇਕੱਠੇ ਹੋਣ ਅਤੇ ਪੰਜਾਬ ਵਿੱਚ ਫੈਲ ਰਹੇ ਅੰਧ-ਵਿਸ਼ਵਾਸ ਅਤੇ ਪਾਖੰਡਵਾਦ ਨੂੰ ਰੋਕਣ ਲਈ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ।