ਇਲੈਕਟ੍ਰਿਕ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ ਪਿਓਰ ਈਵੀ (Pure EV) ਨੇ ਤੇਲੰਗਾਨਾ ਤੇ ਤਾਮਿਲਨਾਡੂ ਵਿੱਚ ਕਈ ਅੱਗ ਦੀਆਂ ਘਟਨਾਵਾਂ ਵਿਚਾਲੇ ਇਕ ਬਜ਼ੁਰਗ ਦੀ ਮੌਤ ਮਗਰੋਂ ਆਪਣੇ ਇਲੈਕਟ੍ਰਿਕ ਸਕੂਟਰਾਂ ਦੀਆਂ ਲਗਭਗ 2000 ਯੂਨਿਟਾਂ ਵਾਪਿਸ ਮੰਗਾ ਲਈਆਂ ਹਨ।
ਦਰਅਸਲ ਹੈਦਰਾਬਾਦ ਦੇ ਕੋਲ ਨਿਜਾਮਾਬਾਦ ਵਿੱਚ ਵੀਰਵਾਰ ਨੂੰ ਪਿਓਰ ਈਵੀ ਸਕੂਟਰ ਦੀ ਬੈਟਰੀ ਵਿੱਚ ਅੱਗ ਲੱਗ ਗਈ ਸੀ। ਇਸ ਘਟਨਾ ਵਿੱਚ 80 ਸਾਲਾਂ ਬਜ਼ੁਰਗ ਦੀ ਸੜਨ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਉਸ ਵੇਲੇ ਲੱਗੀ ਜਦੋਂ ਉਹ ਇਸ ਨੂੰ ਘਰ ਵਿੱਚ ਚਾਰਜ ਕਰ ਰਿਹਾ ਸੀ। ਇਸ ਘਟਨਾ ਵਿੱਚ ਪਰਿਵਾਰ ਦੇ ਤਿੰਨ ਹੋਰ ਮੈਂਬਰ ਵੀ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਈ-ਸਕੂਟਰ ਬਣਾਉਣ ਵਾਲੀ ਕੰਪਨੀ ਪਿਓਰ ਈਵੀ ਖਿਲਾਫ ਐੱਫ.ਆਈ.ਆਰ. ਵੀ ਸਥਾਨਕ ਪੁਲਿਸ ਨੇ ਦਰਜ ਕੀਤੀ ਹੈ। ਇਸ ਮਗਰੋਂ ਪਿਓਰ ਈਵੀ ਨੇ ਇਸ ਘਟਨਾ ‘ਤੇ ਅਫਸੋਸ ਵੀ ਪ੍ਰਗਟਾਇਆ ਤੇ ਐਕਸ਼ਨ ਲੈਂਦੇ ਹੋਏ ਇਹ ਸਕੂਟਰ ਵਾਪਿਸ ਮੰਗਾ ਲਏ।
ਵਾਪਿਸ ਮੰਗਾਈਆਂ ਗਈਆਂ ਇਕਾਈਆਂ ਵਿੱਚ ETrance+ ਅਤੇ EPluto 7G ਇਲੈਕਟ੍ਰਿਕ ਸਕੂਟਰ ਸ਼ਾਮਲ ਹਨ। ਪਿਓਰ ਈਵੀ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵਾਪਿਸ ਮੰਗਾ ਕੇ ਵ੍ਹੀਕਲਾਂ ਤੇ ਬੈਟਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਕੰਪਨੀ ਡੀਲਰਸ਼ਿਪ ਨੈਟਵਰਕ ਰਾਹੀਂ ਸਾਰੇ ਗਾਹਕਾਂ ਤੱਕ ਪਹੁੰਚੇਗੀ।
ਕੰਪਨੀ ਨੇ ਉਸ ਵੇਲੇ ਵ੍ਹੀਕਲਾਂ ਨੂੰ ਵਾਪਸ ਮੰਗਾਏ ਹਨ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਖਰਾਬ ਇਲੈਕਟ੍ਰਿਕ ਗੱਡੀਆਂ ਖਿਲਾਫ ਸਖਤ ਰੁਖ ਅਖਤਿਆਰ ਕਰਨ ਦਾ ਫੈਸਲਾ ਲਿਆ, ਜਿਸ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਮਾਮਲੇ ਦੀ ਜਾੰਚ ਲਈ ਗਠਿਤ ਮਾਹਰ ਪੈਨਲ ਦੀ ਰਿਪੋਰਟ ਮਿਲਣ ਮਗਰੋਂ ਕੇਂਦਰ ਸਰਕਾਰ ਗਲਤੀ ਕਰਨ ਵਾਲੀਆਂ ਕੰਪਨੀਆਂ ‘ਤੇ ਸਖਤ ਕਾਰਵਾਈ ਕਰੇਗੀ।
Comment here