ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਲੁਧਿਆਣਾ ਦੇ ਦਾਖਾ ਤੋਂ ਮਨਪ੍ਰੀਤ ਇਆਲੀ, ਮੁਕਤਸਰ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮੌੜ ਤੋਂ ਅਕਾਲੀ ਦਲ ਦੇ ਜਗਮੀਤ ਸਿੰਘ ਬਰਾੜ ਅਤੇ ਗਿੱਲ ਤੋਂ ਦਰਸ਼ਨ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਾਮਜ਼ਦਗੀ ਪ੍ਰਕਿਰਿਆ ਦੁਪਹਿਰ 3 ਵਜੇ ਤੱਕ ਜਾਰੀ ਰਹੀ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਪੂਰੇ ਸੂਬੇ ਵਿੱਚ ਹੋਈਆਂ ਨਾਮਜ਼ਦਗੀਆਂ ਦਾ ਵੇਰਵਾ ਜਾਰੀ ਕੀਤਾ ਜਾਵੇਗਾ।
ਪੰਜਾਬ ਵਿੱਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 1 ਫਰਵਰੀ ਤੱਕ ਜਾਰੀ ਰਹੇਗੀ। ਹਾਲਾਂਕਿ 26 ਅਤੇ 30 ਜਨਵਰੀ ਨੂੰ ਸਰਕਾਰੀ ਛੁੱਟੀਆਂ ਕਾਰਨ ਨਾਮਜ਼ਦਗੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਈਆਂ ਜਾਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ। 4 ਫਰਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਾਂ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।ਚੋਣ ਕਮਿਸ਼ਨ ਨੇ ਨਾਮਜ਼ਦਗੀ ਨਾਲ ਸਬੰਧਤ ਫਾਰਮ 26 ਨੂੰ ਸੋਧਿਆ ਹੈ। ਹੁਣ ਉਮੀਦਵਾਰ ਨੂੰ ਉਸ ਦੇ ਖਿਲਾਫ ਚੱਲ ਰਹੇ ਅਪਰਾਧਿਕ ਮਾਮਲਿਆਂ ਦੇ ਨਾਲ ਇਹ ਵੀ ਦੱਸਣਾ ਹੋਵੇਗਾ ਕਿ ਕਿਹੜੇ-ਕਿਹੜੇ ਕੇਸਾਂ ਵਿਚ ਉਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਜਾਂ ਦੋਸ਼ੀ ਠਹਿਰਾਏ ਗਏ ਹਨ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਵੀ ਦੇਣੀ ਪਵੇਗੀ। ਪਾਰਟੀਆਂ ਨੂੰ ਆਪਣੀ ਵੈੱਬਸਾਈਟ ‘ਤੇ ਉਮੀਦਵਾਰ ਦੇ ਅਪਰਾਧਿਕ ਰਿਕਾਰਡ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ।
Comment here