ਓਮੀਕਰੋਨ ਦੇ ਮਾਮਲੇ ਦੇਸ਼ ਵਿੱਚ 200 ਤੋਂ ਪਾਰ ਹੋਣ ਵਿਚਕਾਰ ਸਿਹਤ ਮੰਤਰਾਲਾ ਨੇ ਰਾਜਾਂ ਤੇ ਯੂ. ਟੀਜ਼. ਨੂੰ ਚੌਕਸ ਹੋਣ ਲਈ ਚਿੱਠੀ ਲਿਖੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰ ਵਿੱਚ ਕਿਹਾ ਹੈ ਕਿ ਓਮੀਕ੍ਰੋਨ, ਡੈਲਟਾ ਨਾਲੋਂ ਘੱਟ ਤੋਂ ਘੱਟ 3 ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਹੈ। ਇਸ ਲਈ, ਸਥਾਨਕ ਅਤੇ ਜ਼ਿਲ੍ਹਾ ਪੱਧਰ ‘ਤੇ ਵਧੇਰੇ ਦੂਰਦਰਸ਼ਿਤਾ, ਡਾਟਾ ਵਿਸ਼ਲੇਸ਼ਣ, ਜਲਦ ਫੈਸਲੇ ਲੈਣ ਅਤੇ ਸਥਾਨਕ ਅਤੇ ਜ਼ਿਲ੍ਹਾ ਪੱਧਰ ‘ਤੇ ਸਖਤ ਅਤੇ ਤੁਰੰਤ ਰੋਕਥਾਮ ਕਾਰਵਾਈ ਦੀ ਲੋੜ ਹੈ।
ਮੌਜੂਦਾ ਸਮੇਂ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਓਮਿਕਰੋਨ ਵੇਰੀਐਂਟ ਦੇ 54-54 ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਤੇਲੰਗਾਨਾ ਵਿੱਚ 20, ਕਰਨਾਟਕ ਵਿੱਚ 19, ਰਾਜਸਥਾਨ ਵਿੱਚ 18, ਕੇਰਲ ਵਿੱਚ 15 ਅਤੇ ਗੁਜਰਾਤ ਵਿੱਚ 14 ਕੇਸ ਦਰਜ ਕੀਤੇ ਗਏ ਹਨ।
ਜਾਂਚ ਤੇ ਨਿਗਰਾਨੀ ਲਈ ਕੇਂਦਰ ਨੇ ਡੋਰ-ਟੂ-ਡੋਰ ਕੇਸ ਸਰਚ, ਸੰਕਰਮਿਤਾਂ ਦੀ ਕਾਂਟ੍ਰੈਕਟ ਟ੍ਰੇਸਿੰਗ ਤੇ ਓਮੀਕ੍ਰੋਨ ਦੀ ਪਛਾਣ ਲਈ ਜ਼ਿਆਦਾ ਸੈਂਪਲ ਦੇ ਟੈਸਟ ਕਰਨ ਦੀ ਗੱਲ ਕਹੀ ਹੈ। ਰਾਜਾਂ ਨੂੰ 100 ਫੀਸਦੀ ਵੈਕਸੀਨੇਸ਼ਨ ਕਵਰੇਜ ਦਾ ਟੀਚਾ ਹਾਸਲ ਕਰਨ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ ਗਿਆ ਹੈ।
ਸਿਹਤ ਮੰਤਰਾਲੇ ਨੇ ਲੋਕਾਂ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਪਾਰਟੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ। ਵਿਆਹ ਤੇ ਹੋਰ ਆਯੋਜਨਾਂ ਲਈ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ। ਲੋਕਾਂ ਨੂੰ ਭੀੜ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ। ਹੋਟਲਾਂ, ਰੈਸਟੋਰੈਂਟਾਂ, ਮਾਲ, ਬਾਰ ਤੇ ਹੋਰ ਜਨਤਕ ਥਾਵਾਂ ‘ਤੇ ਭੀੜ ਨੂੰ ਕੰਟਰੋਲ ਕਰਨ ਲਈ ਕੋਵਿਡ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਗੌਰਤਲਬ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਕੋਰੋਨਾ ਦੇ ਨਵੇਂ ਰੂਪ ਦੇ ਕੁੱਲ 200 ਮਾਮਲਿਆਂ ਵਿੱਚੋਂ, 77 ਮਰੀਜ਼ ਠੀਕ ਹੋ ਗਏ ਹਨ।
Comment here