News

ਸਥਾਨਕ ਚੋਣਾਂ ‘ਚ ਕਾਂਗਰਸ ਨੇ ਗੱਡੇ ਝੰਡੇ


ਲੁਧਿਆਣਾ – ਜ਼ਿਲ੍ਹਾ ਲੁਧਿਆਣਾ ਦੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ ਰਿਹਾ। ਇਸ ਤੋਂ ਇਲਾਵਾ 11 ਥਾਵਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ‘ਆਪ’ ਦਾ ਸਾਰੀਆਂ ਥਾਵਾਂ ’ਤੇ ਪ੍ਰਦਰਸ਼ਨ ਮਾੜਾ ਰਿਹਾ ਤੇ ਸਿਰਫ਼ 3 ਥਾਵਾਂ ’ਤੇ ਹੀ ‘ਆਪ’ ਨੂੰ ਜਿੱਤ ਹਾਸਲ ਹੋਈ। ਉਧਰ, ਕਿਸਾਨੀ ਅੰਦੋਲਨ ਕਾਰਨ ਹੋਏ ਵਿਰੋਧ ਦੇ ਬਾਵਜੂਦ ਖੰਨਾ ਵਿਚ ਭਾਜਪਾ ਦੋ ਸੀਟਾਂ ’ਤੇ ਜਿੱਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਵੇਂ ਚੋਣਾਂ ਦਾ ਕੰਮ ਸ਼ਾਂਤੀ ਦੇ ਨਾਲ ਹੋ ਗਿਆ ਸੀ, ਉਵੇਂ ਹੀ ਅੱਜ ਵੋਟਾਂ ਦੀ ਗਿਣਤੀ ਵੀ ਸ਼ਾਂਤੀ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਕੁੱਲ 114 ਵਾਰਡ ਸਨ, ਜਿਨ੍ਹਾਂ ਵਿਚੋਂ ਕਾਂਗਰਸ ਨੂੰ 82, ਸ਼੍ਰੋਮਣੀ ਅਕਾਲੀ ਦਲ ਨੂੰ 16, 11 ਵਾਰਡਾਂ ਵਿਚ ਆਜ਼ਾਦ, ਤਿੰਨ ਵਾਰਡਾਂ ਵਿਚ ਆਮ ਆਦਮੀ ਪਾਰਟੀ ਤੇ ਦੋ ਵਾਰਡਾਂ ਵਿਚ ਭਾਜਪਾ ਨੂੰ ਜਿੱਤ ਹਾਸਲ ਹੋਈ। ਉਨ੍ਹਾਂ ਦੱਸਿਆ ਕਿ ਖੰਨਾ ਦੇ 33 ਵਾਰਡਾਂ ਵਿਚ 19 ਕਾਂਗਰਸ, 6 ਅਕਾਲੀ ਦਲ, ਚਾਰ ਆਜ਼ਾਦ, 2 ‘ਆਪ’ ਤੇ 2 ਭਾਜਪਾ ਉਮੀਦਾਰ ਜੇਤੂ ਰਹੇ। ਇਸੇ ਤਰ੍ਹਾਂ ਜਗਰਾਉਂ ਵਿਚ 23 ਵਾਰਡ ਸਨ, ਜਿਨ੍ਹਾਂ ਵਿਚੋਂ 17 ਕਾਂਗਰਸ, ਪੰਜ ਆਜ਼ਾਦ ਤੇ ਇੱਕ ਵਾਰਡ ਵਿਚ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਸਮਰਾਲਾ ਦੇ 15 ਵਾਰਡਾਂ ਵਿਚ 10 ਕਾਂਗਰਸ ਤੇ 5 ਵਾਰਡਾਂ ਵਿਚ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। ਰਾਏਕੋਟ ਦੇ 15 ਵਾਰਡਾਂ ਵਿਚ ਕਾਂਗਰਸ ਦੀ ਜਿੱਤ ਹੋਈ, ਪਾਇਲ ਦੇ 11 ਵਾਰਡਾਂ ਵਿਚ 9 ਕਾਂਗਰਸ, ਇੱਕ ਅਕਾਲੀ ਦਲ ਤੇ ਇੱਕ ਆਜ਼ਾਦ ਉਮੀਦਵਾਰ ਦੀ ਜਿੱਤ ਹੋਈ। ਸਾਹਨੇਵਾਲ ਦੇ ਇੱਕ ਵਾਰਡ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਤੇ ਮੁੱਲਾਂਪੁਰ ਦੇ ਇੱਕ ਵਾਰਡ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ।


 

Comment here

Verified by MonsterInsights