Education

ਸਰਕਾਰ ਵਲੋਂ ਯੂਨੀਵਰਸਿਟੀ ਦੀ ਵਿੱਤੀ ਮਦਦ ਨਾ ਕਰਨ ‘ਤੇ ਵਿਗੜੇ ਹਾਲਾਤ

ਆਰਥਕ ਸੰਕਟ ਤੋਂ ਜੂਝ ਰਹੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਅਸਤੀਫ਼ਾ ਦੇਣਾ  ਮੰਦਭਾਗਾ

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਵਿਰੁਧ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕਰਦੇ ਹੋਏ ਇਸ ਨੂੰ ਮੰਦਭਾਗਾ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਦੀ ਆਰਥਕ ਮਦਦ ਕਰਨ ਤੋਂ ਪਿੱਛੇ ਹੱਟਣ ਕਾਰਨ ਸਿੱਖਿਆ ਪ੍ਰੇਮੀਆਂ ਨੂੰ ਕਾਫ਼ੀ ਨਿਰਾਸ਼ਾ ਹੋਈ ਹੈ।

ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਪਟਿਆਲਾ ਵਿਚ ਨਵੀਂ ਖੇਡ ਯੂਨੀਵਰਸਿਟੀ ਸਥਾਪਤ ਕਰਨ ਜਾ ਰਹੀ ਹੈ। ਪਰ ਦੂਜੇ ਪਾਸੇ ਮਾਲਵੇ ਨੂੰ ਸਿੱਖਿਆ ਖੇਤਰ ਵਿਚ ਅਥਾਹ ਅਮੀਰ ਬਣਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਵਾਰਸ ਛੱਡਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਰਗੇ ਮਹੱਤਵਪੁਰਣ ਅਦਾਰਿਆਂ ਪ੍ਰਤੀ ਗੰਭੀਰ ਨਹੀ ਹੈ। ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਉਣ।

ਢੀਂਡਸਾ ਨੇ ਕਿਹਾ ਕਿ ਡਾ. ਘੁੰਮਣ ਦਾ ਪੰਜਾਬੀ ਯੂਨੀਵਰਸਿਟੀ ਵਿਚ ਇਕ ਚੰਗੇ ਪ੍ਰਸ਼ਾਸ਼ਕ ਅਤੇ ਸਿੱਖਿਆ ਸ਼ਾਸ਼ਤਰੀ ਦੇ ਰੂਪ ਵਿਚ ਸੇਵਾ ਨਿਭਾਉਂਦੇ ਹੋਏ ਅਚਾਨਕ ਅਹੁਦੇ ਤੋਂ ਲਾਂਬੇ ਹੋ ਜਾਣਾ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ‘ਤੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾ ਨੂੰ ਵਿਅਕਤੀਗਤ ਤੌਰ ਤੇ ਸਿੱਖਿਆ ਖੇਤਰ ਦੇ ਮਾਹਰ ਉਪ ਕੁਲਪਤੀ ਡਾ. ਬੀ.ਐਸ ਘੁੰਮਣ ਵਲੋਂ ਅਸਤੀਫ਼ਾ ਦਿੱਤੇ ਜਾਣ ਦਾ ਕਾਫੀ ਦੁੱਖ ਹੈ।

ਉਨ੍ਹਾਂ ਕਿਹਾ ਕਿ ਡਾ. ਘੁੰਮਣ ਵੱਲੋਂ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਲਈ ਕਾਫ਼ੀ ਚਾਰਾਜੋਈ ਕੀਤੀ ਗਈ ਸੀ, ਪ੍ਰੰਤੂ ਸਰਕਾਰ ਵਲੋਂ ਇਸ ਸਬੰਧ ਵਿਚ ਕੋਈ ਹੁੰਗਾਰਾ ਨਾ ਮਿਲਣ ‘ਤੇ ਉਨ੍ਹਾਂ ਨੇ ਅਸਤੀਫ਼ਾ ਦੇਣਾ ਹੀ ਬਿਹਤਰ ਸਮਝਿਆ। ਢੀਂਡਸਾ ਨੇ ਕਿਹਾ ਕਿ ਉਹ ਇਸ ਸਿੱਖਿਆ ਅਦਾਰੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਇਸਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁਲਪਤੀ-ਕਮ ਰਾਜਪਾਲ ਪੰਜਾਬ ਡਾ ਵੀ.ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇਕੇ ਪੰਜਾਬੀ ਯੂਨੀਵਰਸਿਟੀ ਨੂੰ ਆਰਥਕ ਮਦਦ ਦਿਤੇ ਜਾਣ ਦੀ ਮੰਗ ਕਰਨਗੇ। ਇਸਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੀ ਯੂਨੀਵਰਸਿਟੀ ਨੂੰ ਵਿੱਤੀ ਮਦਦ ਦੇਣ ਲਈ ਕਿਹਾ ਹੈ। ਤਾਂ ਕਿ ਯੂਨੀਵਰਸਿਟੀ ‘ਤੇ ਆਰਥਕ ਸੰਕਟ ਖਤਮ ਹੋ ਸਕੇ ਅਤੇ ਵਿਦਿਆਰਥੀਆਂ ਨੂੰ ਗੁਣਵੱਤਾ ਸਿੱਖਿਆ ਮਿਲਦੀ ਰਹੇ।

Comment here

Verified by MonsterInsights