ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਪੰਜ ਦਿਨਾਂ ਦਿੱਲੀ ਦੌਰੇ ਦੇ ਤੀਜੇ ਦਿਨ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਮਮਤਾ ਨੇ ਇਹ ਮੁਲਾਕਾਤ ਅਜਿਹੇ ਸਮੇਂ ਕੀਤੀ ਹੈ ਜਦੋਂ ਵਿਰੋਧੀ ਧਿਰਾਂ ਦੀ ਏਕਤਾ ਬਾਰੇ ਨਿਰੰਤਰ ਚਰਚਾ ਹੋ ਰਹੀ ਹੈ। ਜਦਕਿ ਪੇਗਾਸਸ, ਖੇਤੀਬਾੜੀ ਕਾਨੂੰਨ ਅਤੇ ਮਹਿੰਗਾਈ ਦੇ ਮੁੱਦੇ ‘ਤੇ ਸੰਸਦ ਠੱਪ ਹੈ।
ਸੋਨੀਆ ਗਾਂਧੀ ਨਾਲ ਅੱਜ ਮੁਲਾਕਾਤ ਤੋਂ ਪਹਿਲਾਂ ਮਮਤਾ ਨੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਵਿਰੋਧੀ ਪਾਰਟੀਆਂ ਦੀ ਏਕਤਾ ਚਾਹੁੰਦੀ ਹੈ। ਕਾਂਗਰਸ ਨੂੰ ਖੇਤਰੀ ਪਾਰਟੀਆਂ ਵਿੱਚ ਵਿਸ਼ਵਾਸ ਹੈ। ਮਮਤਾ ਨੇ ਅੱਗੇ ਕਿਹਾ ਕਿ ਜੇ ਸਾਰੀਆਂ ਖੇਤਰੀ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਇੱਕ ਪਾਰਟੀ ‘ਤੇ ਭਾਰੀ ਪੈਣਗੀਆਂ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਏਕਤਾ ਅਤੇ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਮੈਂ ਕੋਈ ਰਾਜਨੀਤਿਕ ਜੋਤਸ਼ੀ ਨਹੀਂ ਹਾਂ, ਇਹ ਸਥਿਤੀ ‘ਤੇ ਨਿਰਭਰ ਕਰਦਾ ਹੈ। ਜੇ ਕੋਈ ਹੋਰ ਅਗਵਾਈ ਕਰਦਾ ਹੈ, ਤਾਂ ਇਸ ਨਾਲ ਕੋਈ ਸਮੱਸਿਆ ਨਹੀਂ ਹੈ।
ਟੀਐਮਸੀ ਪ੍ਰਧਾਨ ਨੇ ਕਿਹਾ ਕਿ ਕਿਸ ਨੇ ਅਗਵਾਈ ਕਰਨੀ ਹੈ। ਜਦੋਂ ਸਮਾਂ ਆਵੇਗਾ ਵਿਚਾਰ ਵਟਾਂਦਰੇ ਕਰਾਂਗੇ। ਮੈਂ ਆਪਣੀ ਰਾਇ ਥੋਪਣਾ ਨਹੀਂ ਚਾਹੁੰਦੀ ਮੈਂ ਸੋਨੀਆ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੂੰ ਮਿਲ ਰਹੀ ਹਾਂ। ਲਾਲੂ ਯਾਦਵ ਨੇ ਕੱਲ੍ਹ ਫੋਨ ਤੇ ਗੱਲ ਕੀਤੀ ਸੀ। ਅਸੀਂ ਹਰ ਰੋਜ਼ ਗੱਲ ਕਰ ਰਹੇ ਹਾਂ। ਅਜੇ ਤਿੰਨ ਸਾਲ ਹਨ। ਅਸੀਂ ਵਿਚਾਰ ਵਟਾਂਦਰੇ ਕਰ ਰਹੇ ਹਾਂ।
Comment here