ਬੀਤੇ ਦਿਨ ਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿੱਚ ਪਈਆਂ ਵੋਟਾਂ ਦਾ ਨਤੀਜਾ ਆਇਆ ਹੈ, ਜਿਸ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਨੇ ਬਾਜ਼ੀ ਮਾਰੀ ਹੈ। ਟੀਐਮਸੀ ਨੇ 292 ਸੀਟਾਂ ‘ਤੇ ਹੋਈਆਂ ਚੋਣਾਂ ਵਿੱਚੋਂ 213 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਪਹਿਲਾ ਟੀਐਮਸੀ ਨੇ ਸਾਲ 2016 ਦੀਆਂ ਚੋਣਾਂ ਵਿੱਚ 211 ਸੀਟਾਂ ਜਿੱਤੀਆਂ ਸਨ। ਟੀਐਮਸੀ ਦੀ ਵੱਡੀ ਜਿੱਤ ਤੋਂ ਬਾਅਦ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸ਼ਾਮ 7 ਵਜੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਦੀ ਦਾਅਵੇਦਾਰੀ ਕਰਨਗੇ। ਭਾਜਪਾ ਨੇ 77 ਸੀਟਾਂ ‘ਤੇ ਹਾਸਿਲ ਕੀਤੀਆਂ ਹਨ। ਇੱਕ-ਇੱਕ ਸੀਟ ਆਜ਼ਾਦ ਅਤੇ ਰਾਸ਼ਟਰੀ ਸੈਕੂਲਰ ਮਜਲਿਸ ਪਾਰਟੀ ਦੇ ਖਾਤੇ ਵਿੱਚ ਗਈ ਹੈ। ਕਾਂਗਰਸ-ਖੱਬੀ ਅਤੇ ਆਈਐਸਐਫ ਦਾ ਗੱਠਜੋੜ ਖਾਤਾ ਖੋਲ੍ਹਣ ਵਿੱਚ ਅਸਫਲ ਰਿਹਾ। ਇਸ ਵੱਡੀ ਜਿੱਤ ਦੇ ਬਾਵਜੂਦ, ਮਮਤਾ ਬੈਨਰਜੀ ਸੁਵੇਂਦੂ ਅਧਿਕਾਰੀ ਦੇ ਕਿਲ੍ਹੇ ਨੂੰ ਨਹੀਂ ਢਾਅ ਸਕੀ। ਮਮਤਾ ਬੈਨਰਜੀ ਨੂੰ ਨੰਦੀਗਰਾਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਹੁਣ ਟੀਐਮਸੀ ਨੰਦੀਗ੍ਰਾਮ ਵਿੱਚ ਧੋਖਾਧੜੀ ਦਾ ਦੋਸ਼ ਲਗਾ ਰਹੀ ਹੈ। ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਵੋਟਾਂ ਦੀ ਦੁਬਾਰਾ ਗਿਣਤੀ ਲਈ ਅਦਾਲਤ ਜਾਣਗੇ। ਉਨ੍ਹਾਂ ਕਿਹਾ, “ਚੋਣ ਕਮਿਸ਼ਨ ਨੇ ਰਸਮੀ ਐਲਾਨ ਤੋਂ ਬਾਅਦ ਨੰਦੀਗਰਾਮ ਦੇ ਨਤੀਜਿਆਂ ਨੂੰ ਕਿਵੇਂ ਉਲਟਾ ਦਿੱਤਾ? ਅਸੀਂ ਅਦਾਲਤ ਜਾਵਾਂਗੇ।” ਮਮਤਾ ਬੈਨਰਜੀ ਨੇ ਦਾਅਵਾ ਕੀਤਾ, “ਨੰਦੀਗ੍ਰਾਮ ਦੇ ਚੋਣ ਅਧਿਕਾਰੀ ਨੇ ਕਿਹਾ ਕਿ ਮੁੜ ਗਿਣਨ ਦੇ ਆਦੇਸ਼ ਨਾਲ ਉਸ ਦੀ ਜਾਨ ਖ਼ਤਰੇ ਵਿੱਚ ਪੈ ਸਕਦੀ ਹੈ। ਚੋਣ ਕਮਿਸ਼ਨ ਦਾ ਸਰਵਰ ਚਾਰ ਘੰਟੇ ਬੰਦ ਰਿਹਾ। ਰਾਜਪਾਲ ਨੇ ਵੀ ਮੈਨੂੰ ਵਧਾਈ ਦਿੱਤੀ। ਅਚਾਨਕ ਸਭ ਕੁੱਝ ਬਦਲ ਗਿਆ।” ਚੋਣ ਕਮਿਸ਼ਨ ਨੇ ਕਿਹਾ ਕਿ ਸੁਵੇਂਦੂ ਅਧਿਕਾਰੀ ਨੰਦੀਗਰਾਮ ਸੀਟ ਤੋਂ 1,956 ਵੋਟਾਂ ਨਾਲ ਜੇਤੂ ਰਹੇ। ਚੋਣ ਕਮਿਸ਼ਨ ਦੇ ਅਨੁਸਾਰ ਸੁਵੇਂਦੂ ਅਧਿਕਾਰੀ ਨੂੰ 1,10,764 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੀ ਵਿਰੋਧੀ ਮਮਤਾ ਬੈਨਰਜੀ ਨੂੰ 1,08,808 ਵੋਟਾਂ ਮਿਲੀਆਂ ਹਨ।
Comment here