ਦੇਸ਼ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ ਬੀਤੇ 6 ਦਿਨਾਂ ਤੋਂ ਤਿੰਨ ਲੱਖ ਤੋਂ ਵੱਧ ਮਾਮਲੇ ਪਾਏ ਜਾ ਰਹੇ ਹਨ । ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਅਪ੍ਰੈਲ 2021 ਸਭ ਤੋਂ ਭਿਆਨਕ ਮਹੀਨਾ ਸਾਬਿਤ ਹੋਇਆ ਹੈ। ਇਸ ਮਹੀਨੇ ਹੋਈਆਂ ਮੌਤਾਂ ਦਾ ਅੱਧੇ ਤੋਂ ਵੱਧ ਹਿੱਸਾ ਬੀਤੇ ਇੱਕ ਹਫ਼ਤੇ ਵਿੱਚ ਹੋਇਆ । ਵੀਕੈਂਡ ਵਿੱਚ ਘੱਟ ਟੈਸਟਿੰਗ ਦੇ ਬਾਵਜੂਦ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਕੋਰੋਨਾ ਦੇ ਮਾਮਲੇ 3 ਲੱਖ ਨੂੰ ਪਾਰ ਕਰ ਗਏ ਅਤੇ ਲਗਾਤਾਰ ਸੱਤਵੇਂ ਦਿਨ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਫਿਲਹਾਲ 28,82,204 ਸਰਗਰਮ ਕੇਸ ਹਨ ਅਤੇ 1,45,56,209 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ । ਮੰਤਰਾਲੇ ਵੱਲੋਂ ਜਾਰੀ ਅਪਡੇਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 3,23,144 ਨਵੇਂ ਕੇਸ ਪਾਏ ਗਏ ਅਤੇ 2771 ਲੋਕਾਂ ਦੀ ਮੌਤ ਹੋ ਗਈ । ਇਸ ਦੌਰਾਨ ਦੇਸ਼ ਵਿੱਚ 25182 ਲੋਕਾਂ ਨੂੰ ਛੁੱਟੀ ਦਿੱਤੀ ਗਈ । ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 68546 ਕਿਰਿਆਸ਼ੀਲ ਕੇਸਾਂ ਵਿੱਚ ਵਾਧਾ ਹੋਇਆ ਹੈ।
ਪਰ ਇਸ ਦੌਰਾਨ ਦੱਖਣੀ ਦਿੱਲੀ ਪੁਲਿਸ ਨੇ 3 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਕਸੀਜਨ ਸਿਲੰਡਰ ਅਤੇ ਨਾਈਟ੍ਰੋਜਨ ਸਿਲੰਡਰ ਦੀ ਬਲੈਕ ਮਾਰਕੀਟਿੰਗ ਕਰ ਰਹੇ ਸੀ। ਇਸ ਵੇਲੇ ਪੂਰੇ ਦੇਸ਼ ਵਿੱਚ ਆਕਸੀਜਨ ਦੀ ਘਾਟ ਹੈ ਅਤੇ ਇਸ ਘਾਟ ਕਾਰਨ ਕੁੱਝ ਲੋਕ ਵਧੇਰੇ ਮੁਨਾਫਾ ਕਮਾਉਣ ਲਈ ‘ਤਬਾਹੀ ਨੂੰ ਵੀ ਮੌਕੇ ‘ਚ ਬਦਲ ਰਹੇ ਹਨ ਅਤੇ ਕਾਲਾਬਾਜ਼ਾਰੀ ਕਰ ਰਹੇ ਹਨ। ਦੱਖਣੀ ਦਿੱਲੀ ਦੇ ਡੀਸੀਪੀ ਨੇ ਕਿਹਾ ਕਿ ਟੀਮ ਨੂੰ ਜਾਣਕਾਰੀ ਮਿਲੀ ਕਿ ਕੁੱਝ ਲੋਕ ਬਹੁਤ ਹੀ ਮਹਿੰਗੇ ਭਾਅ ਤੇ ਬਲੈਕ ‘ਚ ਆਕਸੀਜਨ ਸਿਲੰਡਰ ਵੇਚ ਰਹੇ ਹਨ ਅਤੇ ਇਸ ਤੋਂ ਕਾਫੀ ਜ਼ਿਆਦਾ ਮੁਨਾਫਾ ਕਮਾ ਰਹੇ ਹਨ। ਦਿੱਲੀ ਪੁਲਿਸ ਦੀ ਟੀਮ ਨੇ ਇਨ੍ਹਾਂ ਲੋਕਾਂ ‘ਤੇ ਨਿਰੰਤਰ ਨਜ਼ਰ ਰੱਖੀ। ਇਸ ਸਮੇਂ ਦੌਰਾਨ, ਪੁਲਿਸ ਨੂੰ ਪਤਾ ਲੱਗਿਆ ਕਿ ਇੱਕ ਵਿਅਕਤੀ ਘਿਟੋਰਨੀ ਮੈਟਰੋ ਸਟੇਸ਼ਨ ਨੇੜੇ ਆਕਸੀਜਨ ਸਿਲੰਡਰ ਦੀ ਕਾਲਾਬਾਜ਼ਾਰੀ ਕਰੇ ਰਿਹਾ ਹੈ।
ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਉਥੇ ਪਹੁੰਚ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਵਿਅਕਤੀ ਦਾ ਨਾਮ ਮੋਹਿਤ ਹੈ। ਪੁਲਿਸ ਨੂੰ ਉਸ ਦੇ ਕੋਲੋਂ ਇੱਕ ਵੱਡਾ ਸਿਲੰਡਰ ਅਤੇ ਇੱਕ ਛੋਟਾ ਸਿਲੰਡਰ ਮਿਲਿਆ ਹੈ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਵੱਡਾ ਸਿਲੰਡਰ 50 ਹਜ਼ਾਰ ਰੁਪਏ ਅਤੇ ਛੋਟਾ ਸਿਲੰਡਰ 30 ਹਜ਼ਾਰ ਰੁਪਏ ਵਿੱਚ ਵੇਚ ਰਿਹਾ ਸੀ। ਪੁੱਛਗਿੱਛ ਵਿੱਚ ਮੋਹਿਤ ਨੇ ਇਹ ਵੀ ਦੱਸਿਆ ਕਿ ਇਹ ਸਿਲੰਡਰ ਉਸ ਨੂੰ ਸੁਮਿਤ ਅਤੇ ਅੰਸਾਰ ਅਹਿਮਦ ਨਾਮ ਦੇ ਲੋਕਾਂ ਨੇ ਦਿੱਤਾ ਸੀ, ਜਿਸ ਤੋਂ ਬਾਅਦ ਉਹ ਇਸ ਨੂੰ ਵਧੇਰੇ ਕੀਮਤ ‘ਤੇ ਵੇਚ ਰਿਹਾ ਸੀ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਸ ਸਬੰਧੀ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Comment here