News

ਆਖਿਰ ਕਿਊ ਕੀਤੀ ਗਈ ਸੇਵਾਮੁਕਤ ਸੀਆਈਡੀ ਇੰਸਪੈਕਟਰ ਵੱਲੋਂ ਖੁਦਕੁਸ਼ੀ ?

ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਪੁਲਿਸ ਮੌਕੇ ਤੇ ਪਹੁੰਚੀ…

ਬਠਿੰਡਾ ’ਚ ਅੱਜ ਸਵੇਰੇ ਇੱਕ ਸੇਵਾਮੁਕਤ ਸੀਆਈਡੀ ਇੰਸਪੈਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਪੁਲਿਸ ਅਧਿਕਾਰੀ ਹਰਦੇਵ ਸਿੰਘ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜਾ ਲਿਆ। ਲਾਸ਼ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ’ਚ ਆਪਣੀ ਮੌਤ ਲਈ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਹੈ। ਉਸ ਨੇ ਲਿਖਿਆ ਹੈ ਕਿ ਭਾਵੇਂ ਸਿੱਖ ਧਰਮ ’ਚ ਖੁਦਕਸ਼ੀ ਕਰਨਾ ਚੰਗੀ ਗੱਲ ਨਹੀਂ ਪਰ ਉਹ ਐਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੂੰ ਇਹ ਆਖਰੀ ਕਦਮ ਚੁੱਕਣਾ ਪਿਆ।

ਸਹਾਰਾ ਜਨਸੇਵਾ ਦੇ ਵਲੰਟੀਅਰ ਸੰਦੀਪ ਗਿੱਲ ਅਤੇ ਰਾਜਿੰਦਰ ਕੁਮਾਰ ਵੀ ਮੌਕੇ ‘ਤੇ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ। ਬਸੰਤ ਵਿਹਾਰ ’ਚ ਆਪਣੇ ਲੜਕੇ ਕੋਲ ਰਹਿਣ ਵਾਲੇ 75 ਸਾਲਾ ਹਰਦੇਵ ਸਿੰਘ ਤਕਰੀਬਨ 14 ਸਾਲ ਪਹਿਲਾਂ ਸਾਲ 2006 ’ਚ ਪੁਲਿਸ ਦੇ ਖੁਫੀਆ ਵਿਭਾਗ ਚੋਂ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ। ਉਸ ਦੀ ਪਤਨੀ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ।

ਦੱਸਦੇ ਹਨ ਕਿ ਪਤਨੀ ਦੀ ਮੌਤ ਉਪਰੰਤ ਉਹ ਕਾਫੀ ਪ੍ਰੇਸ਼ਾਨੀ ਦੇ ਆਲਮ ’ਚ ਰਹਿੰਦਾ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਵੀ ਚੱਲਿਆ ਆ ਰਿਹਾ ਸੀ। ਥਾਣਾ ਸਿਵਲ ਲਾਈਨ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ‘ਚ ਪੁਲਿਸ ਸੇਵਾਮੁਕਤ ਪੁਲਿਸ ਇੰਸਪੈਕਟਰ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਖ਼ੁਦਕਸ਼ੀ ਕਰਨ ਬਾਰੇ ਲਿਖਿਆ ਹੈ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Comment here

Verified by MonsterInsights