ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ਮੌਕੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦਾ ਸਮਾਂ ਦਿੱਤਾ ਹੈ…
ਡਿਪਟੀ ਕਮਿਸ਼ਨਰ ਨਵਾਂਸ਼ਹਿਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਅਤੇ ਅਗਾਮੀ ਹੋਰ ਤਿਉਹਾਰਾਂ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਇਨਾਂ ਖੁਸ਼ੀ ਦੇ ਮੌਕਿਆਂ ’ਤੇ ਜਸ਼ਨ ਮਨਾਉਣ ਵੇਲੇ ਕੌਮੀ ਗ੍ਰੀਨ ਟ੍ਰਿਬਿਊਨਲ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ਮੌਕੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦਾ ਸਮਾਂ ਦੇਣ ਅਤੇ ਨਵੇਂ ਸਾਲ ਮੌਕੇ ਵੀ ਕੁਝ ਰੋਕਾਂ ਨਾਲ ਹਰੇ ਪਟਾਕੇ ਚਲਾਉਣ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਨਾਂ ਹੁਕਮਾਂ ਮੁਤਾਬਿਕ ਸਿਰਫ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ ਅਤੇ ਇਹ ਹੁਕਮ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਕੋਵਿਡ ਦੀ ਸਮੱਸਿਆ ਪਟਾਕਿਆਂ ਨਾਲ ਹੋਰ ਗੰਭੀਰ ਹੋ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਖ-ਵੱਖ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਵਿਚ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਦੀਵਾਲੀ 14 ਨਵੰਬਰ ਵਾਲੇ ਦਿਨ ਰਾਤ 8 ਵਜੇ ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਹਨ, ਗੁਰਪੁਰਬ 30 ਨਵੰਬਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸੇ ਤਰ੍ਹਾਂ ਕਿ੍ਸਮਸ ਦੀ ਪੂਰਵ ਸੰਧਿਆ ’ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਵੀ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਤੋਂ ਗੁਰੇਜ਼ ਹੀ ਕਰਨ। ਉਨ੍ਹਾਂ ਕਿਹਾ ਕਿ ਪਟਾਕਿਆਂ ਨਾਲ ਪੈਦਾ ਹੋਣ ਵਾਲੇ ਜ਼ਹਿਰੀਲੇ ਧੂੰਏਂ ਅਤੇ ਪ੍ਰਦੂਸ਼ਣ ਕਾਰਨ ਕੋਵਿਡ ਦੀ ਸਮੱਸਿਆ ਹੋਰ ਵੱਧ ਸਕਦੀ ਹੈ ਅਤੇ ਇਸ ਨਾਲ ਕੋਵਿਡ ਮਰੀਜ਼ਾਂ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਮਾਰੂ ਪ੍ਰਭਾਵ ਪੈ ਸਕਦਾ ਹੈ।
Comment here