ਸੂਬੇ ਵਿੱਚ 22 ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ ਡਾਕਟਰ ਅਮਿਤ ਬਾਂਸਲ ਖ਼ਿਲਾਫ਼ ਪਟਿਆਲਾ ਪੁਲੀਸ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਆੜ ‘ਚ ਕਥਿਤ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਥਾਣਾ ਅਨਾਜ ਮੰਡੀ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ। ਪਹਿਲਾਂ ਵਿਜੀਲੈਂਸ ਦੇ ਅੜਿੱਕੇ ਆਉਣ ਮਗਰੋਂ ਸਾਢੇ ਚਾਰ ਮਹੀਨੇ ਜੇਲ੍ਹ ‘ਚ ਲਾ ਚੁੱਕੇ ਡਾ. ਬਾਂਸਲ ਹੁਣ ਜ਼ਮਾਨਤ ‘ਤੇ ਹਨ ਤੇ ਪਟਿਆਲਾ ਪੁਲੀਸ ਵੱਲੋਂ ਉਸ ਸਣੇ ਇਸ ਕੇਸ ‘ਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਪਟਿਆਲਾ ‘ਚ ਸਥਿਤ ਡਾ. ਬਾਂਸਲ ਦੇ ਆਦਰਸ਼ ਹਸਪਤਾਲ ਐਂਡ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ 26 ਨਵੰਬਰ 2024 ਨੂੰ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਇਹ ਕੇਸ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਹਸਪਤਾਲ ਤੇ ਕੇਂਦਰ ਵੱਲੋਂ ਖਰੀਦੀਆਂ ਤੇ ਵੇਚੀਆਂ ਨਸ਼ੀਲੀਆਂ ਗੋਲੀਆਂ ‘ਚ ਵੱਡਾ ਫਰਕ ਪਾਇਆ ਗਿਆ ਹੈ। ਮੇਟੀ ਨੇ ਹਸਪਤਾਲ ਕੋਲ ਜੀਐੱਸਟੀ ਨੰਬਰ ਹੀ ਨਾ ਹੋਣ ਦੀ ਗੱਲ ਵੀ ਆਖੀ ਹੈ। ਹਸਪਤਾਲ ‘ਚੋਂ ਪਹਿਲੀ ਅਪਰੈਲ 2024 ਤੋਂ 13 ਨਵੰਬਰ 2024 ਤੱਕ 15.5 ਲੱਖ ਗੋਲੀਆਂ ਵੇਚੀਆਂ ਗਈਆਂ, ਜਿਨ੍ਹਾਂ ਦੀ ਕੀਮਤ 6.80 ਕਰੋੜ ਬਣਦੀ ਹੈ। ਇਹ ਦਵਾਈਆਂ ਲੈਣ ਲਈ ਦਰਸਾਏ ਗਏ ਮਰੀਜ਼ਾਂ ਦੇ ਦਸਤਖ਼ਤ ਅਤੇ ਦਸਤਾਵੇਜ਼ ਵੀ ਜਾਅਲੀ ਪਾਏ ਗਏ ਹਨ। ਉਧਰ, ਥਾਣਾ ਅਨਾਜ ਮੰਡੀ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਦਾ ਕਹਿਣਾ ਕਿ ਮੁਲਜ਼ਮ ਦੀ ਭਾਲ ਜਾਰੀ ਹੈ।
Comment here