News

ਕਮਿਸ਼ਨਰੇਟ ਪੁਲਿਸ ਨੇ ਕੌਮੀ ਫਰਜ਼ੀ ਡਿਗਰੀ ਰੈਕੇਟ ਦਾ ਕੀਤਾ ਪਰਦਾਫਾਸ਼

ਜਲੰਧਰ ਪੁਲਿਸ ਕਮਿਸ਼ਨਰੇਟ ਨੇ ਇੱਕ ਅਹਿਮ ਕਦਮ ਚੁੱਕਦਿਆਂ ਦੋ ਗ੍ਰਿਫਤਾਰ ਦੋਸ਼ੀਆਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਕਰਕੇ ਫਰਜ਼ੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਹੈ ਕਿ ਸ਼ਹਿਰ ਵਿੱਚ ਇੱਕ ਗਿਰੋਹ ਚੱਲ ਰਿਹਾ ਹੈ, ਜੋ ਜਾਅਲੀ ਡਿਗਰੀਆਂ ਦਾ ਕਾਰੋਬਾਰ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪੁਸ਼ਕਰ ਗੋਇਲ ਪੁੱਤਰ ਬਰਿੰਦਰ ਕੁਮਾਰ ਗੋਇਲ ਵਾਸੀ ਮੇਨ ਬਜ਼ਾਰ ਨੇੜੇ ਆਟਾ ਚੱਕੀ, ਫੱਤੂ ਢੀਂਗਾ, ਕਪੂਰਥਲਾ, ਜੋ ਕਿ ਹੁਣ ਕੋਠੀ ਨੰਬਰ 96ਏ, ਗ੍ਰੀਨ ਪਾਰਕ, ​​ਜਲੰਧਰ ਰਹਿੰਦਾ ਹੈ, ਅਤੇ ਵਰਿੰਦਰ ਕੁਮਾਰ ਪੁੱਤਰ ਗੁਰਚਰਨ, 253, ਮੋਤਾ ਸਿੰਘ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕੀਤਾ | ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਕੁੱਲ 196 ਜਾਅਲੀ ਡਿਗਰੀਆਂ, 53 ਸਟੈਂਪ, 16 ਪਾਸਪੋਰਟ, ਛੇ ਲੈਪਟਾਪ, ਤਿੰਨ ਪ੍ਰਿੰਟਰ, ਇੱਕ ਸਟੈਂਪ ਬਣਾਉਣ ਵਾਲੀ ਮਸ਼ੀਨ ਅਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਕੱਦਮਾ ਨੰਬਰ 203 ਮਿਤੀ 28.09.2024 ਅਧੀਨ 318(2), 336(2), 338, 336(3), 340(2)ਬੀਐਨਐਸ ਥਾਣਾ ਸਦਰ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰਿੰਗ, ਮੈਡੀਕਲ, ਮੈਨੇਜਮੈਂਟ ਸਮੇਤ ਵੱਖ-ਵੱਖ ਕੋਰਸਾਂ ਲਈ ਫਰਜ਼ੀ ਡਿਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਰੋਹ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਅਤੇ ਹੋਰਾਂ ਸਮੇਤ ਕਈ ਰਾਜਾਂ ਵਿੱਚ ਕੰਮ ਕਰਦਾ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਵਿੱਚ ਫਰਜ਼ੀ ਡਿਗਰੀਆਂ ਸਪਲਾਈ ਕਰਨ ਵਾਲਿਆਂ ਦੇ ਦੇਸ਼ ਵਿਆਪੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਕੇਸ ਦੇ ਮੁੱਖ ਮੁਲਜ਼ਮ ਪੁਸ਼ਕਰ ਗੋਇਲ ਖ਼ਿਲਾਫ਼ ਪਹਿਲਾਂ ਹੀ ਦੋ ਕੇਸ ਪੈਂਡਿੰਗ ਹਨ।

Comment here

Verified by MonsterInsights