ਗੁਰਦਾਸਪੁਰ ਦੇ ਪਿੰਡ ਅਲਾਵਲਵਾਲ ਦੇ ਰਹਿਣ ਵਾਲੇ ਨੌਜਵਾਨ ਅਜੇਪਾਲ ਸਿੰਘ ਗਿੱਲ ਪੁੱਤਰ ਪਰਉਪਕਾਰ ਸਿੰਘ ਦੀ ਬੀਤੇ ਦਿਨੀਂ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਬੇਹੱਦ ਦੁਖਦਾਈ ਸਮੇਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਰਹੂਮ ਅਜੇਪਾਲ ਸਿੰਘ ਗਿੱਲ ਦੇ ਪਿਤਾ ਪਰਉਪਕਾਰ ਸਿੰਘ ਗਿੱਲ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੁੱਤਰ ਦਾ ਚਲੇ ਜਾਣਾ ਮਾਪਿਆਂ ਅਤੇ ਹੋਰ ਸਕੇ-ਸਬੰਧੀਆਂ ਲਈ ਬਹੁਤ ਵੱਡਾ ਦੁੱਖ ਹੈ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਜੇਕਰ ਪਰਿਵਾਰ ਨੂੰ ਕਿਸੇ ਤਰਾਂ ਦੀ ਕੋਈ ਲੋੜ ਹੋਈ ਤਾਂ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਧਾਲੀਵਾਲ ਨੇ ਕਿਹਾ ਕਿ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਵਿੱਚ ਗਏ ਵਿਅਕਤੀਆਂ ਨੂੰ ਕਈ ਪ੍ਰਕਾਰ ਦੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਿਦੇਸ਼ਾਂ ਵਿੱਚ ਜ਼ਿੰਦਗੀ ਕੋਈ ਅਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕਠਨ ਹਾਲਤਾਂ ਕਾਰਨ ਵਿਦੇਸ਼ ਗਏ ਸਾਡੇ ਕਈ ਨੌਜਵਾਨ ਮਾਨਸਿਕ ਤਣਾਅ ਵਿੱਚ ਵੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਨੌਜਵਾਨਾਂ ਦੇ ਪਰਵਾਸ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਂਕਰੀਆਂ, ਸਨਅਤੀਕਰਨ ਅਤੇ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਣਾਉਣ ਦੇ ਏਜੰਡੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸਾਡੇ ਨੌਜਵਾਨਾਂ ਦਾ ਭਵਿੱਖ ਏਥੇ ਹੀ ਬਿਹਤਰ ਬਣ ਸਕੇ |
Comment here