News

ਬੀੜ ਸ਼ਬਦ ਦੀ ਗੱਲ ਕਰਾਂਗੇ ਜਿਸਦੇ ਅਰਥ ਨੇ ਜੰਗਲ..ਜਾਂ ਕਹਿ ਲਉ ਜਿਥੇ ਬਹੁਤ ਸਾਰੇ ਦਰੱਖਤ ਹੋਣ। Writer Harpreet Kaur

ਬੀੜ …..
ਬੀੜ ਸ਼ਬਦ ਜਿਸ ਦੇ ਬਹੁਤ ਸਾਰੇ ਅਰਥ ਨੇ……ਪਰ ਇਥੇ ਆਪਾਂ ਉਸ ਬੀੜ ਸ਼ਬਦ ਦੀ ਗੱਲ ਕਰਾਂਗੇ ਜਿਸਦੇ ਅਰਥ ਨੇ ਜੰਗਲ..ਜਾਂ ਕਹਿ ਲਉ ਜਿਥੇ ਬਹੁਤ ਸਾਰੇ ਦਰੱਖਤ ਹੋਣ ।

“ਬੀੜ ਸੁਸਾਇਟੀ”

ਜਿਸ ਦੇ ਨਾਮ ਹੇਠ ਆਪਾਂ ਸਾਰੇ ਜੁੜੇ ਹੋਏ ਹਾਂ..
ਇਸ ਨੂੰ ਬਣਿਆ ਬੇਸ਼ੱਕ ਦਸ ਕੁ ਸਾਲ ਹੀ ਹੋਏ ਨੇ…..ਪਰ ਇਸ ਦੀ ਸ਼ੁਰੂਆਤ ਬਹੁਤ ਚਿਰ ਪਹਿਲਾਂ ਹੀ ਹੋ ਚੁੱਕੀ ਸੀ..ਜਦੋਂ ਗੁਰਪ੍ਰੀਤ ਸਰਾਂ ਤੇ ਗੁਰਸੇਵਕ ਸਿੰਘ ਨੇ ਇਕੱਠਿਆਂ ਹੋਕੇ ਸ਼ੌਂਕੀਆਂ ਪੰਛੀਆਂ ਦੀਆਂ ਤਸਵੀਰਾਂ ਖਿੱਚਣੀਆਂ..ਤੇ ਹੌਲੀ ਹੌਲੀ ਫੁੱਲ ਬੂਟਿਆਂ ਤੇ ਅਲੋਪ ਹੋ ਰਹੇ ਪੰਛੀਆਂ ਤੇ ਗੌਰ ਕਰਨਾ ਸ਼ੁਰੂ ਕੀਤਾ……ਇਨਾਂ ਸੰਬੰਧੀ ਜਾਣਕਾਰੀ ਇੱਕਠੀ ਕਰਨੀ ਸ਼ੁਰੂ ਕੀਤੀ ..ਹੌਲੀ ਹੌਲੀ ਵਾਤਾਵਰਣ ਦੀ ਸਾਂਭ ਸੰਭਾਲ ਵੱਲ ਹੋਏ……ਫਿਰ ਤਾਂ ਇਹ ਜ਼ਜਬਾ ਜਨੂੰਨ ਹੀ ਬਣ ਗਿਆ…..ਬਸ ਕੁੱਝ ਦੋਸਤ ਤੇ ਵਾਤਾਵਰਣ ਪ੍ਰੇਮੀ ਮਿਲਦੇ ਗਏ ਕਾਫ਼ਿਲਾ ਬਣਦਾ ਗਿਆ..ਹਰ ਉਸ ਇਨਸਾਨ ਨੇ ਇਸਦੇ ਵਿੱਚ ਆਪਣਾ ਯੋਗਦਾਨ ਦਿੱਤਾ ਜਿਸ ਦੇ ਮਨ ਵਿੱਚ ਸੱਚਮੁੱਚ ਕੁਦਰਤ ਨਾਲ ਪਿਆਰ ਸੀ..ਜਿਸਨੂੰ ਇਸ ਧਰਤ ਦੇ ਚੱਪੇ – ਚੱਪੇ ਨਾਲ ਬਿਨਾਂ ਹੱਦਾਂ ਸਰਹੱਦਾਂ ਤੋ ਮੋਹ ਸੀ..
ਸੋ ਇੰਝ ੲਿਹ ਬੀੜ ਸੁਸਾਇਟੀ ਬਣੀ..
ਅੱਜ ਬੀੜ ਦੀਆਂ ਤਕਰੀਬਨ 30 ਕੁ ਸ਼ਾਖਾਵਾਂ ਹਨ ਅਤੇ ਇਹ
ਵਿਦੇਸ਼ਾਂ ਵਿੱਚ ਵੀ ਇਸੇ ਨਾਮ ਹੇਠ ਪ੍ਰਚਲਿਤ ਹੈ ।
ਤੁਸੀਂ ਵੱਖ – ਵੱਖ ਪੋਸਟਾਂ ਤੋਂ ਇਸ ਸੰਬੰਧੀ ਜਾਣਕਾਰੀ ਲੈ ਸਕਦੇ ਹੋ..ਇਹ ਨਿਰੋਲ ਕੁਦਰਤ ..ਵਾਤਾਵਰਣ ਤੇ ਜੈਵ ਵਿਭਿੰਨਤਾ ਨਾਲ ਸੰਬੰਧਿਤ ਸੁਸਾਇਟੀ ਹੈ..ਇਸਦਾ ਕੋਈ ਵੀ ਧਾਰਮਿਕ ਜਾਂ ਰਾਜਨੀਤਕ ਮਕਸਦ ਨਹੀਂ ਹੈ…..ਕੋਈ ਵੀ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ….
ਇਸਦੀ ਮੈਂਬਰਸ਼ਿਪ ਬਿਲਕੁਲ ਫ਼ਰੀ ਹੈ..
ਬਸ ਇਥੇ ਇੱਕੋ ਹੀ ਸ਼ਰਤ ਹੈ..
..ਜਾਂ ਕਹਿ ਲਓ ਨਿਯਮ ਹੈ..ਜੋ ਵੀ ਇਸ ਸੁਸਾਇਟੀ ਨਾਲ ਜੁੜੇ..ਉਹ ਕੁਦਰਤ ਨਾਲ ਸੱਚਾ ਮੋਹ ਕਰਨ ਵਾਲਾ ਹੋਵੇ ਤੇ ਫ਼ੀਲਡ ਵਿੱਚ ਆਪਣੀ ਬੀੜ ਸੁਸਾਇਟੀ ਦੇ ਪਾਏ ਪੂਰਨਿਆਂ ਤੇ ਚੱਲਣ ਵਾਲਾ ਹੋਵੇ..
ਉਹ ਬਿਨਾਂ ਦਿਖਾਵੇ ਤੋਂ..
ਵਿਚਾਰਤਮਿਕ ਮਤਭੇਦ ਤੋਂ ਪਰਾਂ ਹੋਕੇ ਆਵਦੇ ਆਲੇ ਦੁਆਲੇ ਦੀ ਸਾਂਭ ਸੰਭਾਲ ਕਰੇ…
ਇਸ ਸੁਸਾਇਟੀ ਦਾ ਇੱਕੋ ਮਕਸਦ ਹੈ ਇਸ ਧਰਤੀ ਨੂੰ ਹਰਿਆ ਭਰਿਆ ਕਰਨਾ.. ਜਿਸ ਵਿੱਚ ਪੰਛੀਆਂ ਦਾ ਸੰਗੀਤ ਹੋਵੇ….
ਇਨਸਾਨ ਦੁਆਰਾ ਕੁਦਰਤ ਨਾਲ ਕੀਤੀ ਛੇੜਛਾੜ ਦਾ ਖ਼ਮਿਆਜਾ ਸਾਰੀ ਧਰਤ ਨੂੰ ਸਹਿਣਾ ਪੈ ਰਿਹਾ ਹੈ …
….ਸਿਆਣੇ ਕਹਿੰਦੇ ਨੇ ਬੇਤੁਕੀ ਬਹਿਸ ਸਦਾ ਸਮਾਂ ਖਰਾਬ ਕਰਦੀ ਹੈ..ਕਿਸੇ ਦੇ ਵਿਚਾਰਾਂ ਨੂੰ ਬਦਲਣਾ ਸੌਖਾ ਨਹੀਂ ਹੁੰਦਾ..ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਸਵਾਲ ਦਾ ਤਸੱਲੀਬਖਸ਼ ਜਵਾਬ ਦਿੱਤਾ ਜਾ ਸਕੇ……ਇਥੇ ਕੁੱਝ ਕੁ ਸਵਾਲਾਂ ਦਾ ਹੀ ਜ਼ਿਕਰ ਕੀਤਾ
ਗਿਆ ਹੈ…
ਜੋ ਅਕਸਰ ਪੁੱਛੇ ਜਾਂਦੇ ਨੇ ..
ਕੁੱਝ ਇੱਕ ਸਵਾਲਾ ਦੇ ਜਵਾਬ ਸੌਖੇ ਸ਼ਬਦਾਂ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ……ਉਮੀਦ ਹੈ ਕਿ ਤੁਸੀਂ ਬੀੜ ਦੇ ਮਕਸਦ ਨੂੰ ਸਮਝੋਗੇ……
ਇਸ ਤੋਂ ਇਲਾਵਾ ਪੰਛੀਆਂ ਫੁੱਲ ਬੂਟਿਆ ਬਾਰੇ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀ ਕਿਸੇ ਵੀ ਬੀੜ ਜਾਂ ਬੀੜ ਵਰਲਡ ਦੀਆਂ ਪੋਸਟਾਂ….. ਗੁਰਪ੍ਰੀਤ ਸਰਾਂ ਨਾਲ ਫ਼ੋਨ ਤੇ ਸੰਪਰਕ ਕਰ ਸਕਦੇ ਹੋ..ਉਨਾਂ ਦੀ ਆਈ ਡੀ ਤੋਂ ਜਾਣਕਾਰੀ ਲੈ ਸਕਦੇ ਹੋ …

ਪ੍ਸ਼ਨ–1 ਪੰਛੀਆਂ ਲਈ ਮਸਨੂਈ ਆਹਲਣੇ ਕਿਉਂ ਲਾਏ ਜਾ ਰਹੇ ਨੇ? ਅਜਿਹਾ ਕਰਕੇ ਤੁਸੀਂ ਪੰਛੀਆਂ ਨੂੰ ਨਿਕੰਮੇ ਤਾਂ ਨਹੀਂ ਬਣਾ ਰਹੇ

ਉਤੱਰ– ਸਾਰੇ ਆਪਣੇ ਬਚਪਨ ਦੇ ਮਾਹੌਲ ਨੂੰ ਯਾਦ ਕਰੋ..ਆਪਣੇ ਘਰਾਂ ਦੀ ਬਣਤਰ..ਉਸ ਵਕਤ ਪੰਛੀਆਂ ਲਈ ਕਿੰਨਾ ਸੁਖਾਵਾਂ ਮਾਹੌਲ ਸੀ..
ਹਰ ਘਰ ਦੇ ਵਿਹੜੇ ਵਿੱਚ ਇੱਕ ਅੱਧਾ ਛਾਂ ਵਾਲਾ ਤੇ ਫਲਾਂ ਵਾਲਾ ਬੂਟਾ ਜ਼ਰੂਰ ਹੁੰਦਾ ਸੀ ਤੇ ਪੰਛੀ ਉਥੇ ਕਿੰਨੀ ਬੇਪਰਵਾਹੀ ਨਾਲ ਰਹਿੰਦੇ ਸੀ..ਉਨਾਂ ਦੇ ਆਂਡਿਆਂ ..ਤੇ ਬੱਚਿਆ ..ਦੀ ਕਾਵਾਂ ਤੇ ਹੋਰ ਪੰਛੀਆਂ ..ਜੰਤੂਆਂ ਤੋ ਰੱਖਿਆ ਕੀਤੀ ਜਾਂਦੀ ਸੀ..ਤੇ ਘਰਦੇ ਜੀਆਂ ਵਾਂਗ ਇਨਾਂ ਦੀ ਆਮਦ ਦੇ ਚਾਅ ਕੀਤੇ ਜਾਂਦੇ ਸੀ..ਇਥੋਂ ਤੱਕ ਕੀ ਛੱਤਾਂ ਵਾਲੇ ਚਲਦੇ ਪੱਖਿਆ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਸੀ ਕਿ ਚਿੜੀਆ ਅੰਦਰ ਆਹਲਣਾ ਪਾ ਰਹੀਆ. ਨੇ….ਕਿਤੇ ਪੱਖੇ ‘ਚ ਵੱਜਕੇ ਜ਼ਖਮੀ ਨਾ ਹੋ ਜਾਣ…ਜ਼ਖਮੀ ਪਰਿੰਦਿਆ ਦੇ ਸਰੋਂ ਦਾ ਤੇਲ ਤੇ ਹਲਦੀ ਪਾਕੇ ਜ਼ਖਮਾਂ ਤੇ ਮਲਹਮ ਪੱਟੀ ਕੀਤੀ ਜਾਂਦੀ ਸੀ..
ਇਹ ਸਵਾਲ ਕਰਨ ਵਾਲੇ ਦਸਣ ..
ਕੀ ਆਪਣੇ ਘਰਾਂ ਦੀ ਬਣਤਰ ਤੇ ਮਾਹੌਲ ਹੁਣ ਪਹਿਲਾਂ ਜਿਹੇ ਰਹੇ ਹਨ ?
ਸ਼ਾਇਦ ਬਹੁਤਿਆ ਦਾ ਜਵਾਬ ਨਹੀਂ ਹੀ ਹੋਵੇਗਾ..
ਦੂਜੀ ਗੱਲ ਇਨਾਂ ਬਣੇ ਬਣਾਏ ਆਹਲਿਆ ਕਾਰਨ ਪੰਛੀ ਨਿਕੰਮੇ ਨਹੀਂ ਹੁੰਦੇ..ਇਥੇ ਸ਼ਾਇਦ ਇਨਸਾਨ ਆਪਣੀ ਸੋਚ ਇਨਾਂ ਮਾਸੂਮ ਪਰਿੰਦਿਆ ਤੇ ਜ਼ਬਰਦਸਤੀ ਥੋਪ ਰਿਹਾ ਹੈ
ਪੰਛੀ ਇਨਾਂ ਆਹਲਣਿਆ ਵਿੱਚ ਬਿਲਕੁਲ ਉਦਾਂ ਹੀ ਘਾਹਫ਼ੂਸ ਤਿਣਕੇ ਆਦਿ ਰੱਖਦਾ ਤੇ ਫਿਰ ਆਵਦੇ ਪਰਿਵਾਰ ਦਾ ਵਾਧਾ ਕਰਦਾ..
ਇੰਝ ਆਹਲਣੇ ਮੁਹੱਈਆ ਕਰਾਕੇ ਅਸੀਂ ਆਪਣੀਆਂ ਉਹ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਡੇ ਤੋਂ ਜਾਣੇ ਅਣਜਾਣੇ..ਹੋਈਆ ਤੇ ਕੁੱਝ ਆਧੁਨਿਕ ਹੋਣ ਦਾ ਵਿਖਾਵਾ ਕਰਦਿਆ ਹੋ ਗਈਆ ਤੇ ਹੋ ਰਹੀਆ..ਅਸੀਂ ਪੰਛੀਆਂ ਤੋ ਉਨਾ ਦੇ ਟਿਕਾਣੇ ਖੋਹ ਲਏ ਨੇ..ਤੇ ਹੁਣ ਵਾਪਸ ਉਹੋ ਜਿਹਾ ਮਾਹੌਲ ਦੇਣ ਲਈ ਇਹ ਕਦਮ ਚੁੱਕਣੇ ਅੱਤ ਜ਼ਰੂਰੀ ਨੇ….ਬਾਕੀ ਇਹ ਬਹੁਤ ਵੱਡਾ ਵਿਸ਼ਾ ਹੈ ਵਿਗਿਆਨਕ ਤੌਰ ਤੇ ਇਹ ਇਕ ਪਲਾਟ ਹੁੰਦਾ ਹੈ ਤੇ ਇਸ ਵਿੱਚ ਪੰਛੀਆਂ ਦੀ ਉਹੀ ਪ੍ਰਜਾਤੀਆਂ ਆਉੰਦੀਆਂ ਹਨ ਜੋ ਆਲਣੇ ਖੁੱਡਾਂ ਵਿੱਚ ਬਣਾਉਂਦੀਆਂ ਹਨ ।

ਪ੍ਸ਼ਨ –2 ਪੰਛੀਆਂ ਲਈ ਦਾਣਾ ਪਾਣੀ ਕਿਉਂ ਰੱਖ ਰਹੇ ਹੋ?
ਇਹ ਸਭ ਕਰਕੇ ਉਨਾਂ ਦੀਆਂ ਆਦਤਾਂ ਵਿਗੜਦੀਆ..ਉਹ ਬੈਠੇ ਬਿਠਾਏ ਸਭ ਭਾਲਣਗੇ।

ਉੱਤਰ –ਸਭ ਤੋਂ ਪਹਿਲਾ ਤਾਂ ਸਵਾਲ ਪੁੱਛਣ ਵਾਲੇ ਇਹ ਦਸਣ ਕੀ ਪਿੰਡ ਜਾਂ ਸ਼ਹਿਰ ਵਿੱਚ ਪਾਣੀ ਦੇ ਸੋਮੇ ਕਿਹੜੇ ਬਚੇ ਹਨ ਤੇ ਕਿੰਨੇ ਨਵੇਂ ਬਣੇ ਜਾਂ ਮੁਹਈਆ ਕਰਾਏ ਗਏ ਹਨ?
ਛੱਪੜ ..ਟੋਭੇ..ਸਭ ਆਧੁਨਿਕਤਾ ਦੀ ਭੇਟ ਚੜ ਚੁੱਕੇ ਨੇ..ਤੇ ਨਹਿਰਾਂ.. ਨਾਲੀਆ ਦਾ ਰੂਪ ਧਾਰਨ ਕਰ ਕਦੋਂ ਦਾ ਅਾਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀਆ ਨੇ..
..ਨਾਲਿਆ ਦਾ ਪਾਣੀ ਗੰਦਗੀ ਦੇ ਢੇਰ ਤੋਂ ਵੱਧਕੇ ਕੁੱਝ ਨਹੀਂ ਰਿਹਾ..
ਅਸੀਂ ਕਿਤੇ ਵੀ ਜਾਂਦੇ ਹਾਂ ਬੋਤਲਬੰਦ ਪਾਣੀ ਮੁੱਲ ਖਰੀਦ ਦੇ ਹਾਂ..ਕੀ ਸਾਨੂੰ ਧਰਤੀ ਦਾ ਪੀਣਯੋਗ ਪਾਣੀ ਕਿਤੇ ਮਿਲਦਾ?
ਨਹੀਂ ਨਾ..
ਦੱਸੋ ਫਿਰ ਇਹ ਪੰਛੀ ਪਾਣੀ ਪੀਣ ਲਈ ਕਿਸ ਦਰਿਆ ਸਮੁੰਦਰ ਕੋਲ ਜਾਇਆ ਕਰਨ?
ਇਸੇ ਲਈ ਕੰਕਰੀਟ ਦੇ ਇਨਾਂ ਜੰਗਲਾਂ ਵਿੱਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਦੀਆਂ ਬੇਨਤੀਆ ਕੀਤੀਆਂ ਜਾਂਦੀਆਂ ਹਨ ।
ਇਹੋ ਹੀ ਕਾਰਨ ਹੈ ਕਿ ਪੰਛੀਆਂ ਲੲੀ ਦਾਣੇ ਚੋਗੇ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ..ਕਿਉਕਿ ਅਸੀਂ ਉਨਾਂ ਲਈ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ …
ਜਿਸ ਕਾਰਨ ਉਨਾਂ ਦੇ ਭੋਜਨ ਵਿੱਚ ਬੇਹੱਦ ਕਮੀ ਆ ਗਈ ਹੈ..ਜਿਨਾਂ ਛੋਟੇ ਛੋਟੇ ਕੀਟ ਪਤੰਗਾ ਤੇ ਇਹ ਪੰਛੀ ਗੁਜ਼ਾਰਾ ਕਰਦੇ ਸੀ..ਉਹ ਤਾਂ ਕਦੋਂ ਦੇ ਕੀਟਨਾਸ਼ਕ ਤੇ ਕੈਮੀਕਲਾਂ ਦੀ ਬੇਤਹਾਸ਼ਾ ਵਰਤੋਂ ਨੇ ਇਸ ਧਰਤੀ ਤੋਂ ਖਤਮ ਹੀ ਕਰ ਦਿੱਤੇ ਹਨ.ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਲਗਾਈ ਜਾਂਦੀ …ਅੱਗ… ਕਿੰਨੇ ਜੀਵ ਜੰਤੂਆਂ ਦੀਆਂ ਨਸਲਾਂ ਨੂੰ ਸਦਾ ਲਈ ਮੁਕਾ ਰਹੀ ਹੈ..ਧਰਤੀ ਦੀ ਤਪਿਸ਼..ਮਹਿਸੂਸ ਕਰਨ ਵਾਲਿਆ ਦੇ ਕਾਲਜਿਆਂ ਨੂੰ ਧੂਹ ਪਾਉਦੀਂ ਹੈ..
ਲੋੜ ਹੈ ਆਵਦੀਆਂ ਗਲਤੀਆਂ ਨੂੰ ਸੁਧਾਰਨ ਦੀ ਤੇ ਕੁਦਰਤ ਦੇ ਸਾਂਵੇਪਣ ਨੂੰ ਕਾਇਮ ਰੱਖਣ ਲਈ ਆਵਦਾ ਬਣਦਾ ਯੋਗਦਾਨ ਦੇਣ ਦੀ.. ਬੀੜ ਸੁਸਾਇਟੀ ਵਲੋਂ ਪੰਛੀਆਂ ਲਈ ਦਾਣਾ ਪਾਣੀ ਰੱਖਣ ਦੀਆਂ ਬੇਨਤੀਆਂ ਵਾਰ ਵਾਰ ਇਸੇ ਕਾਰਨ ਕੀਤੀਆਂ ਜਾਂਦੀਆਂ ਹਨ ।

ਪ੍ਸ਼ਨ –3 ਰੁੱਖ ਕਿੱਥੇ ਮੁੱਕਣੇ ਨੇ ? ..ਰੁੱਖ ਤਾਂ ਬਥੇਰੇ ਨੇ ।

ਉੱਤਰ–ਇੱਕ ਗੱਲ ਦਾ ਜਵਾਬ ਦਿਓ? ਤੁਹਾਡੇ ਬਚਪਨ ‘ਚ ਦੇਖੇ ਕਿੰਨੇ ਕੁ ਰੁੱਖ ਆਪੋ ਆਪਣੀ ਜਗਾ ਤੇ ਕਾਇਮ ਨੇ?
ਬਾਬਾ ਬੋਹੜ ਅਜੇ ਵੀ ਕਿੰਨੇ ਕੁ ਪਿੰਡਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ?
..ਤੁਸੀਂ ਜਾਂ ਤੁਹਾਡੇ ਆਲੇ ਦੁਆਲੇ ਮਕਾਨ ਬਣਾਉਣ ਜਾਂ ਵਿਕਾਸ ਦੇ ਨਾਮ ਤੇ ਕਿੰਨੇ ਕੁ ਦਰਖ਼ਤ ਕੱਟੇ ਗਏ ਨੇ..ਜੇ ਕੱਟੇ ਗਏ ਤਾਂ ਮੁੜ ਕੇ ਕਿੰਨੇ ਲਗਾੲੇ ਗਏ ਨੇ….

ਕੀ ਇਨਾਂ ਦੀ ਗਿਣਤੀ ਬਰਾਬਰ ਹੀ ਰਹੀ ਜਾਂ ਵੱਧੀ ਘਟੀ ਹੈ..
.ਤੁਹਾਡੇ ਇਲਾਕੇ ਨੇੜੇ ਕਿਹੜਾ ਜੰਗਲ ਪੈਦਾਂ ਹੈ? ਹੁਣ ਤੱਕ ਤੁਸੀਂ ਕਿੰਨੇ ਰੁੱਖ ਆਵਦੇ ਹੱਥੀਂ ਲਾਏ..ਤੇ ਕਿੰਨੇ ਕੁ ਰੁੱਖ ਲਾਉਣ ਵਿੱਚ ਸਹਾਇਤਾ ਕੀਤੀ..
ਕੀ ਤੁਸੀਂ ਕਿਸੇ ਰੁੱਖ ਦੇ ਕੱਟਣ ਤੇ ਉਸ ਰੁੱਖ ਨੂੰ ਬਚਾਉਣ ਦਾ ਕੋਈ ਹੀਲਾ ਕੀਤਾ. ..
ਨਜ਼ਾਇਜ …ਰੁੱਖ..ਕੱਟਣ ਵਾਲਿਆ ਦੀ ਵਿਰੋਧਤਾ ਕੀਤੀ..
ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਦੇਖ ਲੋ…ਬਾਕੀ ਅੰਕੜਿਆ ਦੀ ਜਾਣਕਾਰੀ ਨਾਲ ਤਾਂ ਸਾਰੇ ਮੀਡਿਆ ਦੇ ਸਾਧਨ ਭਰੇ ਪਏ ਨੇ…..

ਆਪਣੇ ਮਨ ਨੂੰ ਹਲੂਣਾ ਦਿਓ..ਕੁੱਝ ਕਰ ਗੁਜ਼ਰਨ ਦਾ..ਕਿਸੇ ਆਹਰ ਦਾ..ਵਾਤਾਵਰਣ ਦੀ ਸਾਂਭ ਸੰਭਾਲ ਦਾ ..ਨਾ ਕਿ ਇਹੋ ਜਿਹੇ ਬੇਤੁਕੇ ਸਵਾਲਾਂ ਨਾਲ ਕਿਸੇ ਦੇ ਕੰਮਾਂ ਵਿੱਚ ਅੜਿਕਾ ਬਣ ਕੇ ਚੱਲ ਰਹੇ ਕੰਮ ਨੂੰ ਰੋਕੋ…
…..ਨਾਲ ਰਲੋ ..ਕੁਦਰਤ ਲਈ ਇੱਕਜੁਟ ਹੋਵੋ..
ਆਲੇ ਦੁਆਲੇ ਦੀ ਸਾਂਭ ਸੰਭਾਲ ਸੱਚਮੁੱਚ ਕਰੋ….ਕਾਗਜ਼ੀ ਨਾਅਰਿਆ ਤੋਂ ਬਚੋ…
ਇਸ ਨੇਕ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਪਾਓ..ਬੀੜ ਨਾਲ ਜੁੜੋ..ਆਓ ਅੱਜ ਤੋਂ ਹੀ ਨਵੀਂ ਸ਼ੁਰੂਆਤ ਕਰੀਏ..ਆਪਣੇ ਆਪ ਤੋਂ ਆਪਣੇ ਘਰ ਤੋਂ ਆਪਣੇ ਗਲੀ ਮੁਹੱਲੇ ਤੇ ਸਾਰੀ ਕੁਦਰਤ ਨੂੰ ਸੰਵਾਰੀਏ।
…………ਬੀੜ ਦਾ ਹਿੱਸਾ ਬਣਨ ਤੇ ਹੋਰ ਜਾਣਕਾਰੀਆਂ ਲਈ ਗੁਰਪ੍ਰੀਤ ਸਰਾਂ Gurpreet Sran ਹੋਰਾਂ ਨਾਲ ਸੰਪਰਕ ਕਰ ਸਕਦੇ ਹੋ.. 9501900588
ਲਿਖਤਮ ਹਰਪ੍ਰੀਤ ਕੌਰ…… Harpreet Kaur……….

Comment here

Verified by MonsterInsights