ਮਾਨ ਸਰਕਾਰ ਨੇ ਸੋਮਵਾਰ ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦੇ ਭਾਅ ਵਿੱਚ 20 ਰੁਪਏ ਪ੍ਰਤੀ ਕੁਇੰਟਲ ਵਾਧੇ ਦਾ ਐਲਾਨ ਕੀਤਾ ਹੈ। ਹੁਣ ਸੂਬੇ ਵਿੱਚ ਗੰਨੇ ਦੀ ਕੀਮਤ 360 ਰੁਪਏ ਤੋਂ ਵਧ ਕੇ 380 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗੀ।
ਸੀ.ਐੱਮ. ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਗੰਨੇ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਪਰ ਪਿਛਲੇ ਸਮੇਂ ਵਿੱਚ ਫਸਲ ਦਾ ਢੁੱਕਵਾਂ ਮੁੱਲ ਅਤੇ ਸਮੇਂ ਸਿਰ ਭੁਗਤਾਨ ਨਾ ਮਿਲਣ ਕਾਰਨ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ। ਇਸ ਵੇਲੇ ਪੰਜਾਬ ਵਿੱਚ ਸਿਰਫ਼ 1.25 ਲੱਖ ਹੈਕਟੇਅਰ ਰਕਬੇ ਵਿੱਚ ਹੀ ਕਾਸ਼ਤ ਹੁੰਦੀ ਹੈ, ਜਦੋਂਕਿ ਸੂਬੇ ਵਿੱਚ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬਾ ਹੈ। ਇਸ ਕਾਰਨ ਮੈਂ ਗੰਨਾ ਉਤਪਾਦਕਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਕੀਮਤ ਵਧਾਉਣ ਦਾ ਐਲਾਨ ਕਰਦਾ ਹਾਂ।
ਕਿਸਾਨਾਂ ਦੇ ਗੰਨੇ ਦੀ ਅਦਾਇਗੀ ਸਬੰਧੀ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦੇ ਸਮੁੱਚੇ ਬਕਾਏ ਦੀ ਅਦਾਇਗੀ ਕਰ ਦਿੱਤੀ ਹੈ ਅਤੇ ਇੱਕ-ਦੋ ਨਿੱਜੀ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ, ਬਲਕਿ ਇਨ੍ਹਾਂ ਮਿੱਲਾਂ ਦੇ ਮਾਲਕ ਕਿਸਾਨਾਂ ਦੇ ਹੱਤਾਂ ਦੀ ਸੁਧ ਲੈਣ ਦੀ ਬਜਾਏ ਵਿਦੇਸ਼ ਭੱਜ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਅਤੇ ਕਿਸਾਨਾਂ ਦੇ ਬਕਾਏ ਅਦਾ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ‘ਆਪ’ ਸਰਕਾਰ ਦਾ ਭਰੋਸੇ ਦਾ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਭਗਵੰਤ ਮਾਨ ਸਰਕਾਰ ਦੇ ਹੱਕ ਵਿੱਚ ਕੁੱਲ 93 ਵੋਟਾਂ ਪਈਆਂ। ਖਾਸ ਗੱਲ ਇਹ ਹੈ ਕਿ ਅਕਾਲੀ ਦਲ ਦੇ ਇੱਕ ਹੋਰ ਬਸਪਾ ਮੈਂਬਰ ਨੇ ਇਸ ਪ੍ਰਸਤਾਵ ਦਾ ਵਿਰੋਧ ਨਹੀਂ ਕੀਤਾ। ਇਸ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ‘ਚੋਂ ਭੱਜਣ ਦਾ ਮਾਮਲਾ ਸੋਮਵਾਰ ਨੂੰ ਵਿਧਾਨ ਸਭਾ ‘ਚ ਵੀ ਉਠਿਆ। ਮੰਤਰੀ ਅਮਨ ਅਰੋੜਾ ਨੇ ਇਸ ਦਾ ਜਵਾਬ ਦਿੱਤਾ। ਦੂਜੇ ਪਾਸੇ ਸੀ.ਐੱਮ. ਭਗਵੰਤ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਸਿਰਫ ਸੱਤਾ ਚਾਹੁੰਦੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਗੰਨੇ ਦੇ ਭਾਅ ਵਿੱਚ 20 ਰੁਪਏ ਵਾਧੇ ਦਾ ਐਲਾਨ ਕੀਤਾ। ਸੀ.ਐੱਮ. ਮਾਨ ਨੇ ਕਿਹਾ ਕਿ ਸਰਕਾਰ ਹੁਣ 380 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਨਾ ਖਰੀਦੇਗੀ।
Comment here