ਗੁਜਰਾਤ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਾਰੀ ਸਿਆਸੀ ਗਹਿਮਾ-ਗਹਿਮੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਸਨੀਖੇਜ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਰਾਘਵ ਚੱਢਾ ਗ੍ਰਿਫਤਾਰ ਹੋ ਸਕਦੇ ਹਨ। ਉਨ੍ਹਾਂ ਟਵੀਟ ਕਰਕੇ ਇਸ ਦੀ ਸ਼ੰਕਾ ਪ੍ਰਗਟਾਈ ਹੈ। ਦੱਸ ਦੇਈਏ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਤੇ ਗੁਜਰਾਤ ਦੇ ਸਹਿ ਇੰਚਾਰਜ ਹਨ।
ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਹੈ ਤੇ ਉਨ੍ਹਾਂ ਨੂੰ ਗੁਜਰਾਤ ਵਿਚ ਚੋਣ ਪ੍ਰਚਾਰ ਲਈ ਜਾਣਾ ਸ਼ੁਰੂ ਕੀਤਾ ਹੈ, ਹੁਣ ਸੁਣ ਰਹੇ ਹਨ ਕਿ ਰਾਘਵ ਚੱਢਾ ਨੂੰ ਵੀ ਇਹ ਲੋਕ ਗ੍ਰਿਫਤਾਰ ਕਰਨਗੇ। ਕਿਸ ਕੇਸ ਵਿਚ ਕਰਨਗੇ ਅਤੇ ਕੀ ਦੋਸ਼ ਹੋਣਗੇ, ਇਹ ਅਜੇ ਇਹ ਲੋਕ ਬਣਾ ਰਹੇ ਹਨ’।
ਰਾਘਵ ਚੱਢਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਧਦੇ ਕਦਮ ਦੇਖ ਭਾਜਪਾ ਦੀ ਨੀਂਦ ਉਡ ਗਈ ਹੈ। ਮੈਂ ਨਾ ਜੇਲ੍ਹਾਂ ਤੋਂ ਡਰਦਾ ਹਾਂ ਤੇ ਨਾ ਹੀ ਫਾਂਸੀ ਦੇ ਫੰਦਿਆਂ ਤੋਂ।
ਅਰਵਿੰਦ ਕੇਜਰੀਵਾਲ ਦੀ ਸ਼ੰਕਾ ਅਜਿਹੇ ਸਮੇਂ ਆਈ ਹੈ ਜਦੋਂ ਆਮ ਆਦਮੀ ਪਾਰਟੀ ਦੇ ਕਈ ਨੇਤਾ ਗ੍ਰਿਫਤਾਰ ਹੋ ਚੁੱਕੇ ਹਨ। ਹੁਣੇ ਜਿਹੇ ਦਿੱਲੀ ਆਬਕਾਰੀ ਨੀਤੀ ਵਿਚ ਕਥਿਤ ਘਪਲੇ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਕਰੀਬੀ ਜਾਣੇ ਜਾਣ ਵਾਲੇ ਵਿਜੇ ਨਾਇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਨਾਮਜ਼ਦ 15 ਦੋਸ਼ੀਆਂ ਵਿਚ ਗ੍ਰਿਫਤਾਰ ਹੋਣ ਵਾਲੇ ਵਿਜੇ ਨਾਇਰ ਪਹਿਲਾਂ ਦੋਸ਼ੀ ਹੈ।
Comment here