ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਗੱਡੀ ਵਿੱਚ ਉਨ੍ਹਾਂ ਦੇ ਦੋ ਦੋਸਤ ਵੀ ਮੌਜੂਦ ਸਨ। ਇਸ ਘਟਨਾ ਵਿੱਚ ਗੁਰਵਿੰਦਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਗੱਡੀ ‘ਤੇ ਗੋਲੀਆਂ ਚੱਲੀਆਂ ਤਾਂ ਮੂਸੇਵਾਲਾ ਨੇ ਵੀ ਆਪਣੇ ਬਚਾਅ ਵਿੱਚ ਦੋ ਫਾਇਰ ਕੀਤੇ, ਪਰ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਲ ਗੁਰਵਿੰਦਰ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਐਤਵਾਰ ਨੂੰ ਆਪਣੀ ਬਿਮਾਰ ਮਾਸੀ ਦਾ ਪਤਾ ਲੈਣ ਲਈ ਆਪਣੇ ਪਿੰਡੋਂ ਨਿਕਲੇ ਸਨ। ਜਿਵੇਂ ਹੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ । ਗੋਲੀ ਲੱਗਣ ਕਾਰਨ ਜ਼ਖਮੀ ਹੋਏ ਗੁਰਵਿੰਦਰ ਨੇ ਦੱਸਿਆ ਕਿ ਉਹ ਗੱਡੀ ਵਿੱਚ ਪਿੱਛੇ ਤੇ ਦੂਜਾ ਦੋਸਤ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ ।
ਜ਼ਖਮੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਸੀ ਬਿਮਾਰ ਸੀ। ਉਹ ਅਚਾਨਕ ਉਨ੍ਹਾਂ ਦਾ ਪਤਾ ਲੈਣ ਜਾਣ ਲਈ ਤਿਆਰ ਹੋ ਗਿਆ। ਗੱਡੀ ਵਿੱਚ ਪੰਜ ਲੋਕਾਂ ਦੇ ਬੈਠਣ ਦੀ ਜਗ੍ਹਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ । ਗੁਰਵਿੰਦਰ ਸਿੰਘ ਮੁਤਾਬਕ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪੁੱਜੇ ਤਾਂ ਸਭ ਤੋਂ ਪਹਿਲਾਂ ਪਿੱਛਿਓਂ ਇਕ ਫਾਇਰ ਹੋਇਆ । ਇੰਨੇ ਵਿੱਚ ਇੱਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ । ਨਾਲ ਹੀ ਇੱਕ ਨੌਜਵਾਨ ਗੱਡੀ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਗੋਲੀਆਂ ਚਲਾਈਆਂ।
ਗੁਰਵਿੰਦਰ ਮੁਤਾਬਕ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬ ਵਿੱਚ ਦੋ ਫਾਇਰ ਕੀਤੇ ਸਨ, ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ । ਮੂਸੇਵਾਲਾ ਦੇ ਦੋ ਫਾਇਰ ਕਰਦੇ ਹੀ ਸਾਡੀ ਗੱਡੀ ’ਤੇ ਤਿੰਨੋਂ ਪਾਸਿਓਂ ਫਾਇਰਿੰਗ ਹੋਣ ਲੱਗੀ । ਮੂਸੇਵਾਲਾ ਨੇ ਇੱਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਾਨੂੰ ਅੱਗਿਓਂ ਤੇ ਪਿੱਛਿਓਂ ਦੋਵਾਂ ਪਾਸਿਓਂ ਘੇਰ ਲਿਆ ਗਿਆ ਸੀ।
Comment here