ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਡੇ ਦੋਸ਼ ਲਾਉਂਦਿਆਂ ਕਿਹਾ ਕਿ ਡੀਜੀਪੀ ਪੰਜਾਬ ਸਿਆਸੀ ਨੇਤਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਇਸ ਨੂੰ ਲੈ ਕੇ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਤੇ ਮਾਮਲੇ ‘ਤੇ ਵਿਚਾਰ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਸਿਆਸੀਕਰਨ ਦਾ ਸ਼ਿਕਾਰ ਹੋ ਗਈ ਹੈ। ਪਿਛਲੇ ਇੱਕ ਮਹੀਨੇ ਵਿੱਚ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਹਾਲਾਤ ਸੁਧਰਣ ਦੀ ਬਜਾਏ ਪੰਜਾਬ ਪੁਲਿਸ ਸਿਆਸੀ ਬਦਲਾਖੋਰੀ ਵਿੱਚ ਲੱਗੀ ਹੈ। ਭਾਜਪਾ ਆਗੂਆਂ ਤੇਜਿੰਦਰ ਬੱਗਾ, ਪ੍ਰੀਤੀ ਗਾਂਧੀ, ਨਵੀਨ ਜਿੰਦਲ ਤੇ ਕਾਂਗਰਸ ਦੀ ਆਗੂ ਅਲਕਾ ਲਾਂਬਾ ਤੇ ਕਵੀ ਕੁਮਾਰ ਵਿਸ਼ਵਾਸ ਖਿਲਾਫ ਪੰਜਾਬ ਪੁਲਿਸ ਦਾ ਇਸਤੇਮਾਲ ਦਰਸਾਉਂਦਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਸਿਆਸੀ ਰੰਜਿਸ਼ ਕੱਢਣ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਡੀਜੀਪੀ ਪੰਜਾਬ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਜਪਾ ਪੰਜਾਬ ਪ੍ਰਦੇਸ਼ ਮਹਾਮੰਤਰੀਆਂ ਦੇ ਵਫਦ ਨੇ ਉਨ੍ਹਾਂ ਤੋਂ ਸਮਾਂ ਲਿਆ। ਸਮਾਂ ਦੇਣ ਦੇ ਬਾਵਜੂਦ ਵਫਦ ਨੂੰ ਪਹਿਲਾਂ ਦੋ ਘੰਟੇ ਆਪਣੇ ਦਫਤਰ ਵਿੱਚ ਬਿਠਾ ਕੇ ਫਿਰ ਬਿਜ਼ੀ ਹੋਣ ਦਾ ਬਹਾਣਾ ਬਣਾ ਕੇ ਮਿਲਣ ਤੋਂ ਮਨ੍ਹਾ ਕਰ ਦਿੱਤਾ ਗਿਆ, ਜਦਕਿ ਉਨ੍ਹਾਂ ਨੇ ਬਾਕੀ ਲੋਕਾਂ ਨਾਲ ਮੁਲਾਕਾਤ ਕੀਤੀ।
Comment here