ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਖੱਟਰ ਨੇ ਕਿਹਾ ਕਿ ਉਹ ਪਹਿਲਾਂ ਤਾਂ ਚੀਜ਼ਾਂ ਨੂੰ ਫ੍ਰੀ ਵੰਡਣ ਦਾ ਵਾਅਦਾ ਕਰਦੇ ਹਨ ਤੇ ਬਾਅਦ ਵਿਚ ਪ੍ਰਧਾਨ ਮੰਤਰੀ ਸਾਹਮਣੇ ਕਟੋਰਾ ਲੈ ਕੇ ਚਲੇ ਗਏ। ਇਹ ਚੰਗੀ ਗੱਲ ਨਹੀਂ, ਰਾਜਨੀਤੀ ਖੁਦ ਦੇ ਦਮ ‘ਤੇ ਹੋਣੀ ਚਾਹੀਦੀ ਕੇਂਦਰ ਤੋਂ ਮੰਗ ਕੇ ਨਹੀਂ। ਇਸ ਨਾਲ ਦੇਸ਼ ਤੇ ਸਮਾਜ ਦਾ ਭਲਾ ਹੋਣ ਵਾਲਾ ਨਹੀਂ ਹੈ। ਹਰਿਆਣਾ ਨਿਵਾਸ ‘ਤੇ ਨਾਬਾਰਡ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਗੱਲਬਾਤ ਕਰ ਰਹੇ ਸਨ।
ਖੱਟਰ ਨੇ ਕਿਹਾ ਕਿ ਪੰਜਾਬ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਤੱਕ ਨਹੀਂ ਹਨ। ਤਨਖਾਹ ਦੇਣ ਲਈ ਉਹ ਕਰਜ਼ ‘ਤੇ ਕਰਜ਼ ਲੈਂਦਾ ਹੈ। ਇਸ ਦੀ ਪ੍ਰਵਾਹ ਕੀਤੇ ਬਿਨਾਂ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਮੁਫਤ ਵਿਚ ਸਭ ਕੁਝ ਵੰਡਣ ਦੇ ਵਾਅਦੇ ਕੀਤੇ। ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਜਦੋਂ ਖਜ਼ਾਨੇ ਵਿਚ ਪੈਸੇ ਨਹੀਂ ਮਿਲੇ ਤਾਂ ਉਹ ਕਟੋਰਾ ਲੈ ਕੇ ਪ੍ਰਧਾਨ ਮੰਤਰੀ ਕੋਲ ਚਲੇ ਗਏ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਮਸਲੇ ‘ਤੇ ਅਜੇ ਕੋਈ ਗੱਲ ਨਹੀਂ ਹੋ ਸਕੀ ਹੈ। ਚੰਡੀਗੜ੍ਹ ਹਰਿਆਣਾ ਤੋਂ ਖੋਹ ਨਹੀਂ ਸਕਦਾ। ਉਸ ਵਿਚ ਪੰਜਾਬ ਦਾ ਵੀ ਹਿੱਸਾ ਹੈ ਪਰ ਚੰਡੀਗੜ੍ਹ ਆਪਣੇ ਆਪ ‘ਚ ਕੇਂਦਰ ਸ਼ਾਸਿਤ ਪ੍ਰਤੀਸ਼ ਹੈ। ਅਧਿਕਾਰੀਆਂ ਦਾ ਅਤੇ ਇਮਾਰਤਾਂ ਦਾ ਉਸ ਵਿਚ 60-40 ਦਾ ਜੋ ਕੋਟਾ ਹੈ, ਉਹ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ਖੱਟਰ ਨੇ ਕਿਹਾ ਕਿ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਵੇਗੀ ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਵੀ 72 ਘੰਟਿਆਂ ਵਿਚ ਕਿਸਾਨਾਂ ਦੇ ਖਾਤੇ ਵਿਚ ਪੇਮੈਂਟ ਪਹੁੰਚਾਈ ਜਾਵੇਗੀ।
ਗੌਰਤਲਬ ਹੈ ਕਿ ਹੁਣੇ ਜਿਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 1 ਲੱਖ ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ।
Comment here