ਪੰਜਾਬ ਤੋਂ ਰਾਜ ਸਭਾ ਦੀਆਂ ਪੰਜ ਸੀਟਾਂ ਦੇ ਲਈ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਹੈ। ਇਨ੍ਹਾਂ ਸੀਟਾਂ ਦੇ ਲਈ ਕ੍ਰਿਕਟਰ ਹਰਭਜਨ ਸਿੰਘ, ਪੰਜਾਬ ਦੇ ‘ਆਪ’ ਸਹਿ-ਇੰਚਾਰਜ ਰਾਘਵ ਚੱਢਾ, IIT ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਦਾ ਨਾਮ ਫਾਈਨਲ ਕਰ ਕੇ ਐਲਾਨ ਦਿੱਤਾ ਗਿਆ ਹੈ । ਇਹ ਉਮੀਦਵਾਰ ਸੋਮਵਾਰ ਦੁਪਹਿਰ ਤੱਕ ਆਪਣੀ ਨਾਮਜ਼ਦਗੀ ਦਾਖਲ ਕਰ ਦੇਣਗੇ।
ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣਾ ਚਾਹੀਦਾ ਹੈ। ਪੰਜਾਬ ਦੇ ਕੋਟੇ ਵਿੱਚੋਂ ਦੂਜੇ ਰਾਜਾਂ ਦੇ ਆਗੂ ਨਾ ਭੇਜੇ ਜਾਣ । ਇਸੇ ਵਿਚਾਲੇ ਕਾਂਗਰਸ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਰਾਜ ਸਭਾ ਦੇ ਲਈ ਉਮੀਦਵਾਰ ਪੰਜਾਬ ਤੋਂ ਬਾਹਰ ਦੇ ਨਹੀਂ ਹੋਣੇ ਚਾਹੀਦੇ। ਖਹਿਰਾ ਨੇ ਨਾਵਾਂ ਦੀ ਲਿਸਟ ਟਵੀਟ ਕਰਦਿਆਂ ਕਿਹਾ ਕਿ ਜੇਕਰ ਇਹ ਸੰਭਾਵਿਤ ਰਾਜ ਸਭਾ ਉਮੀਦਵਾਰਾਂ ਦੀ ਸੂਚੀ ਹੈ ਤਾਂ ਇਹ ਪੰਜਾਬ ਲਈ ਸਭ ਤੋਂ ਦੁਖਦ ਖਬਰ ਹੈ ਤੇ ਇਹ ਸਾਡੇ ਰਾਜ ਦੇ ਲਈ ਪਹਿਲਾ ਭੇਦਭਾਵ ਹੋਵੇਗਾ। ਅਸੀਂ ਕਿਸੇ ਵੀ ਗੈਰ-ਪੰਜਾਬੀ ਨੂੰ ਨਾਮਜ਼ਦ ਕਰਨ ਦਾ ਵਿਰੋਧ ਕਰਨਗੇ। ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਵੀ ਇੱਕ ਮਜ਼ਾਕ ਹੈ, ਜਿਨ੍ਹਾਂ ਨੇ ਪਾਰਟੀ ਦੇ ਲਈ ਕੰਮ ਕੀਤਾ।
ਦੱਸ ਦੇਈਏ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ 117 ਵਿੱਚੋਂ 92 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਇਸ ਕਾਰਨ ਰਾਜ ਸਭਾ ਵਿੱਚ ਖਾਲੀ ਹੋ ਰਹੀਆਂ 5 ਸੀਟਾਂ ‘ਤੇ ‘ਆਪ’ ਦੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ।
Comment here