ਹੋਲਾ ਮਹੱਲਾ ‘ਤੇ ਸ਼ਨੀਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅਖੰਡ ਪਾਠ ਰਖਵਾਇਆ ਗਿਆ, ਜਿਸ ਦਾ ਭੋਗ ਦੁਪਹਿਰ ਨੂੰ ਪਾਇਆ ਗਿਆ।
ਦੂਜੇ ਪਾਸੇ ਗੁਰਦੁਆਰਾ ਸੀਸਗੰਜ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ, ਗੁਰਦੁਆਰਾ ਮਾਤਾ ਜੀਤੋ ਜੀ, ਗੁਰਦੁਆਰਾ ਭਾਈ ਜੈਤਾ ਜੀ ਤੇ ਹੋਰ ਗੁਰੂਘਰਾਂ ਵਿੱਚ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਨਮਮਸਤਕ ਹੋਣ ਪਹੁੰਚੀਆਂ।
ਗੁਰੂ ਨਗਰੀ ‘ਚ ਚਾਰੇ ਪਾਸੇ ਸੰਗਤ ਦਿਖਾਈ ਦੇ ਦਿੱਤੀ। ਮੇਲੇ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਮੁਫਤ ਬੱਸ ਸੇਵਾ ਦਿੱਤੀ ਗਈ। ਮੇਲਾ ਵਾਲੀ ਥਾਂ ਦੇ ਬਾਹਰ ਦੇ ਨਾਕਿਆਂ ‘ਤੇ ਅੰਦਰੂਨੀ ਚੌਂਕ ਤੇ ਗੁਰੂਧਾਮਾਂ ਤੋਂ 80 ਬੱਸਾਂ ਸ਼ਰਧਾਲੂਆਂ ਨੂੰ ਸੇਵਾ ਦੇਣ ਲਈ ਲਗਾਈਆਂ ਗਈਆਂ। ਆਮ ਸੰਗਤ ਤੋਂ ਇਲਾਵਾ ਬਜ਼ੁਰਗਾਂ, ਬੱਚਿਆਂ, ਔਰਤਾਂ ਤੇ ਦਿਵਿਆਂਗਾਂ ਨੂੰ ਇਸ ਬੱਸ ਸਰਵਿਸ ਦੀ ਸਹੂਲਤ ਤੋਂ ਵੱਡੀ ਰਾਹਤ ਮਿਲੀ।
ਮੇਲੇ ‘ਚ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੀਣ ਵਾਲੇ ਪਾਣੀ, ਡਿਸਪੈਂਸਰੀਆਂ, ਲੰਗਰ, ਗਠੜੀਘਰ, ਜੋੜਾਘਰ, ਪਾਰਕਿੰਗ ਸਥਾਨ, ਰਿਹਾਇਸ਼ ਆਦਿ ਦਾ ਪ੍ਰਬੰਧ ਕੀਤਾ ਗਿਆ।
ਘੋੜਸਵਾਰਾਂ ਨੇ ਇਸ ਮੌਕੇ ਕਈ ਕਰਤਬ ਦਿਖਾਏ। ਪੂਰਾ ਸ੍ਰੀ ਆਨੰਦਪੁਰ ਸਾਹਿਬ ਰੰਗਾਂ ਵਿੱਚ ਰੰਗਿਆ ਗਿਆ। ਨਿਹੰਗਾਂ ਨੇ ਅੱਗ, ਰੰਗਾਂ ਦੇ ਨਾਲ ਕਈ ਕਰਤਬ ਦਿਖਾਏ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਇਹ ਕਰਤਬ ਵੇਖ-ਵੇਖ ਖੁਸ਼ ਹੋ ਰਹੀਆਂ ਸਨ। ਇੱਕ ਨਿਹੰਗ ਸਿੱਖ ਬਾਜ ਨੂੰ ਵੀ ਲੈ ਕੇ ਆਇਆ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਬਾਜਾਂ ਵਾਲਾ’ ਵੀ ਕਿਹਾ ਜਾਂਦਾ ਹੈ।
Comment here