ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ ਜਾਰੀ ਵੋਟਿੰਗ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਡਰੇ ਜਵਾਬ ਦੇਣ ਵਾਲੇ ਉਮੀਦਵਾਰ ਨੂੰ ਆਪਣਾ ਵੋਟ ਦੇਣ । ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਜਾਰੀ ਵੋਟਿੰਗ ਦੇ ਮੱਦੇਨਜ਼ਰ ਸੂਬੇ ਦੇ ਵੋਟਰਾਂ ਨੂੰ ਵਿਕਾਸ ਲਈ ਵੋਟ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਨਾਲ ਨਵਾਂ ਭਵਿੱਖ ਬਣੇਗਾ।
ਦੱਸ ਦੇਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਅਤੇ ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸੇ ਵਿਚਾਲੇ ਰਾਹੁਲ ਨੇ ਟਵੀਟ ਕਰਦਿਆਂ ਕਿਹਾ ਕਿ ਜੋ ਜਨ ਦਾ ਸਾਥ ਦੇਵੇ, ਬਿਨ੍ਹਾਂ ਡਰੇ ਜਵਾਬ ਦੇਵੇ, ਵੋਟ ਉਸੇ ਨੂੰ ਦਿਓ । ਪੰਜਾਬ ਦੇ ਪ੍ਰਗਤੀਸ਼ੀਲ ਭਵਿੱਖ ਲਈ ਵੋਟ ਕਰੋ ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਵੋਟ ਉੱਤਰ ਪ੍ਰਦੇਸ਼ ਵਿੱਚ ਪਵੇਗੀ, ਬਦਲਾਅ ਦੇਸ਼ ਭਰ ਵਿੱਚ ਆਵੇਗਾ । ਸ਼ਾਂਤੀ ਅਤੇ ਤਰੱਕੀ ਲਈ ਵੋਟ ਦਿਓ- ਨਵੀਂ ਸਰਕਾਰ ਬਣੇਗੀ ਤਾਂ ਨਵਾਂ ਭਵਿੱਖ ਬਣੇਗਾ।
ਗੌਰਤਲਬ ਹੈ ਕਿ ਸੂਬੇ ਵਿੱਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ਵਿੱਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਿਲ ਹਨ।
Comment here