ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਪਹਿਲੀ ਵਾਰ ਮੀਡੀਆ ਸਾਹਮਣੇ ਰੂ-ਬ-ਰੂ ਹੋਏ। ਮਜੀਠੀਆ ਨੇ ਇੱਕ ਵਾਰ ਫਿਰ ਸਿੱਧੂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸਿੱਧੂ ਦੇ ਪੰਜਾਬ ਮਾਡਲ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਵਿਚ 5 ਸਾਲਾਂ ਦਰਮਿਆਨ ਕੋਈ ਕੰਮ ਨਹੀਂ ਕਰਵਾਇਆ। ਬਿਜਲੀ, ਪਾਣੀ, ਸੜਕਾਂ ਦੀ ਸਮੱਸਿਆ ਉਸੇ ਤਰ੍ਹਾਂ ਹੀ ਹੈ। ਉਹ ਆਪਣੇ ਹਲਕੇ ਵਿਚ ਕਦੇ ਨਹੀਂ ਜਾਂਦਾ ਤੇ ਨਾ ਹੀ ਕਦੇ ਕਿਸੇ ਦਾ ਫੋਨ ਚੁੱਕਦਾ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਕਿਸੇ ਵਿਅਕਤੀ ਦੇ ਸੁੱਖ-ਦੁੱਖ ਵਿਚ ਕੰਮ ਨਹੀਂ ਆਉਂਦੇ।
ਮਜੀਠੀਆ ਨੇ ਕਿਹਾ ਕਿ ਸਿੱਧੂ ਦਾ ਪੰਜਾਬ ਮਾਡਲ ਕਦੇ ਲਾਗੂ ਨਹੀ ਹੋਇਆ। ਉਨ੍ਹਾਂ ਦਾ ਮਾਡਲ ਹੈ ਧੋਖੇ ਦਾ, ਫਰੇਬ ਦਾ ਤੇ ਭਗੌੜੇ ਦਾ। ਸਿੱਧੂ ਨੇ ਕੌਈ ਕੰਮ ਨਹੀਂ ਕਰਨਾ। ਸਿਵਾਏ ਲੋਕਾਂ ਨੂੰ ਮੂਰਖ ਬਣਾਉਣ ਤੋਂ ਕੁਝ ਨਹੀਂ ਕਰਨਾ। ਹੁਣ ਲੋਕ ਸਿੱਧੂ ਤੋਂ ਸਵਾਲ ਪੁੱਛ ਰਹੇ ਹਨ ਕਿ ਉਹ 5 ਸਾਲ ਗੈਰ ਹਾਜ਼ਰ ਰਿਹਾ ਤੇ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ ਹੈ। ਕਾਂਗਰਸ ਵੱਲੋਂ ਪੰਜਾਬ ਵਿਚ ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ‘ਤੇ ਤੰਜ ਕੱਸਦਿਆਂ ਮਜੀਠੀਆ ਨੇ ਕਿਹਾ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਪੰਜਾਬ ਫੇਰੀ ਉਤੇ ਆਏ ਸਨ। ਸਿੱਧੂ ਦੀ ਇਸ ਬੇਭਰੋਸਗੀ ਨੂੰ ਉਨ੍ਹਾਂ ਨੇ ਵੀ ਪਛਾਣ ਲਿਆ। ਇਸੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ।
ਆਪਣੇ ‘ਤੇ ਪਾਏ ਗਏ ਝੂਠੇ ਕੇਸ ਬਾਰੇ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੇਰੇ ਉਤੇ ਕੇਸ ਕੀਤਾ ਗਿਆ, ਉਸ ਤੋਂ ਸਭ ਜਾਣੂ ਹਨ। ਸੁਪਰੀਮ ਕੋਰਟ ਨੇ ਚਟੋਪਾਧਇਆਏ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਪਰ ਬਾਵਜੂਦ ਉਸ ਦੇ ਉਨ੍ਹਾਂ ਨੂੰ ਡੀਜੀਪੀ ਬਣਾਇਆ ਗਿਆ। ਜਿੰਨੀ ਦੇਰ ਉਹ ਡੀਜੀਪੀ ਰਹੇ ਇਸ ਦੌਰਾਨ ਲੁਧਿਆਣਾ ਵਿਚ ਬੰਬ ਬਲਾਸਟ, ਹਰਿਮੰਦਰ ਸਾਹਿਬ ਵਿਚ ਬੇਅਦਬੀ ਹੋਈ। ਸੂਬੇ ਦੀ ਕਾਨੂੰਨ ਵਿਵਸਥਾ ਗੜਬੜਾ ਗਈ। ਡੀਜੀਪੀ ਚਟੋਪਾਧਇਆਏ ਵੱਲੋਂ ਹੋਰਨਾਂ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਮੈਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ। ਮਜੀਠੀਆ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਤਿੰਨ ਦਿਨ ਦੀ ਰਾਹਤ ਲਈ ਧੰਨਵਾਦੀ ਹਾਂ ਨਹੀਂ ਤਾਂ ਵਿਰੋਧੀਆਂ ਦੀ ਪੂਰੀ ਕੋਸ਼ਿਸ਼ ਸੀ ਕਿ ਮੈਂ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕਾਂ।
Comment here