ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਪਰ ਉਸ ਤੋਂ ਪਹਿਲਾ ਯੂਪੀ ਭਾਜਪਾ ਦਾ ਸੰਕਟ ਰੁਕਦਾ ਨਜ਼ਰ ਨਹੀਂ ਆ ਰਿਹਾ। ਭਾਜਪਾ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ।
ਵੀਰਵਾਰ ਨੂੰ ਦੂਜਾ ਅਤੇ ਹੁਣ ਤੱਕ 8 ਵੇਂ ਭਾਜਪਾ ਵਿਧਾਇਕ ਦਾ ਅਸਤੀਫਾ ਆਇਆ ਹੈ। ਔਰਿਆ ਤੋਂ ਬਿਧੁਨਾ ਦੇ ਵਿਧਾਇਕ ਵਿਨੈ ਸ਼ਾਕਿਆ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਬੁੱਧਵਾਰ ਨੂੰ ਹੀ ਵਿਨੈ ਸ਼ਾਕਿਆ ਨੇ ਭਾਜਪਾ ਛੱਡਣ ਦਾ ਐਲਾਨ ਕੀਤਾ ਸੀ। ਵਿਧਾਇਕ ਨੇ ਕਿਹਾ ਕਿ ਸਵਾਮੀ ਪ੍ਰਸਾਦ ਜਿੱਥੇ ਕਹਿਣਗੇ ਉਹ ਉੱਥੇ ਜਾਣਗੇ। ਵਿਨੈ ਸ਼ਾਕਿਆ ਵੀਰਵਾਰ ਨੂੰ ਸਵਾਮੀ ਪ੍ਰਸਾਦ ਮੌਰਿਆ ਦੇ ਘਰ ਪਹੁੰਚੇ ਸਨ। ਇਸ ਦੌਰਾਨ ਉਹ ਆਪਣੀ ਮਾਂ ਨਾਲ ਸਵਾਮੀ ਪ੍ਰਸਾਦ ਮੌਰਿਆ ਨੂੰ ਮਿਲੇ। ਇੱਕ ਚੈੱਨਲ ਦੇ ਨਾਲ ਗੱਲਬਾਤ ਦੌਰਾਨ ਵਿਨੈ ਸ਼ਾਕਿਆ ਨੇ ਕਿਹਾ ਕਿ ਭਾਜਪਾ ‘ਚ ਨਾ ਤਾਂ ਕੰਮ ਹੋ ਰਿਹਾ ਸੀ ਅਤੇ ਨਾ ਹੀ ਸਨਮਾਨ ਮਿਲ ਰਿਹਾ ਸੀ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਭੇਜੇ ਪੱਤਰ ਵਿੱਚ ਸਾਕਿਆ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸੂਬਾ ਸਰਕਾਰ ਨੇ ਦਲਿਤ, ਪਛੜੇ ਅਤੇ ਘੱਟ ਗਿਣਤੀ ਵਰਗ ਦੇ ਆਗੂਆਂ ਅਤੇ ਜਨ ਪ੍ਰਤੀਨਿਧੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਬਣਦਾ ਹੱਕ ਅਤੇ ਸਤਿਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਦਲਿਤ, ਪਛੜੇ, ਕਿਸਾਨ, ਬੇਰੁਜ਼ਗਾਰ ਨੌਜਵਾਨ ਅਤੇ ਛੋਟੇ-ਛੋਟੇ ਅਤੇ ਦਰਮਿਆਨੇ ਪੱਧਰ ਦੇ ਵਪਾਰੀਆਂ ਨੂੰ ਵੀ ਸੂਬਾ ਸਰਕਾਰ ਵੱਲੋਂ ਘੋਰ ਅਣਗੌਲਿਆ ਕੀਤਾ ਗਿਆ ਹੈ। ਸੂਬਾ ਸਰਕਾਰ ਦੇ ਅਜਿਹੇ ਕੂਟਨੀਤਕ ਰਵੱਈਏ ਕਾਰਨ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਸਵਾਮੀ ਪ੍ਰਸਾਦ ਮੌਰਿਆ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਹਨ। ਉਹ ਸਾਡੇ ਆਗੂ ਹਨ, ਮੈਂ ਉਨ੍ਹਾਂ ਦੇ ਨਾਲ ਹਾਂ।
Comment here