ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀ ਬਣਾਉਣ ਬਾਰੇ ਲੰਮੇ ਸਮੇਂ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰ ਸਕਦੀਆਂ ਹਨ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ 7 ਜਥੇਬੰਦੀਆਂ ਹੀ ਸਿਆਸਤ ਵਿੱਚ ਆਉਣ ਦੇ ਖਿਲਾਫ਼ ਹਨ, ਜਦਕਿ 25 ਜਥੇਬੰਦੀਆਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਸ਼ੁੱਕਰਵਾਰ ਨੂੰ ਲੁਧਿਆਣਾ ਨੇੜੇ ਮੁੱਲਾਂਪੁਰ ਵਿਖੇ ਹੋਈ 32 ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਿਆਸੀ ਅਖਾੜੇ ਵਿੱਚ ਉਤਰਨ ਨੂੰ ਲੈ ਕੇ ਕਈ ਵੱਡੇ ਫੈਸਲੇ ਲਏ ਗਏ। ਕਿਉਂਕਿ ਸੱਤ ਜਥੇਬੰਦੀਆਂ ਚੋਣ ਨਾ ਲੜਨ ਦੇ ਹੱਕ ਵਿੱਚ ਨਹੀਂ ਹਨ ਇਸ ਲਈ ਦੂਜੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਦੀ ਵਰਤੋਂ ਨਾ ਕਰਨ। ਬਾਕੀ 25 ਜਥੇਬੰਦੀਆਂ ਦੀ ਮੀਟਿੰਗ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ, ਜਿੱਥੇ ਫੈਸਲਾ ਸੁਣਾਇਆ ਜਾਵੇਗਾ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਆਗੂਆਂ ਵੱਲੋਂ ਨੁਮਾਇੰਦਗੀ ਕਰਨ ਵਾਲੀਆਂ 32 ਯੂਨੀਅਨਾਂ ਵਿੱਚੋਂ ਘੱਟੋ-ਘੱਟ 13 ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਰਲਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਜਥੇਬੰਦੀਆਂ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਹਰਮੀਤ ਸਿੰਘ ਕਾਦੀਆਂ ਦੇ ‘ਆਪ’ ਟਿਕਟ ’ਤੇ ਚੋਣ ਲੜਨ ਦੀਆਂ ਕਾਫੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਆਪਣੀ ਸਿਆਸੀ ਪਾਰਟੀ ਬਣਾਉਣ ਵਾਲੇ ਗੁਰਨਾਮ ਸਿੰਘ ਚੜੂਨੀ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦੇ ਦੋ ਆਗੂਆਂ ਨੇ ਸਾਂਝਾ ਕਿਸਾਨ ਮੰਚ ਬਣਾਉਣ ਲਈ ਸੰਪਰਕ ਕੀਤਾ ਸੀ। ਹਾਲਾਂਕਿ, ਦੋਵੇਂ ਧਿਰਾਂ ਇਕੱਠੇ ਚੋਣ ਲੜਨ ਲਈ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀਆਂ।
Comment here