ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲੰਜ ਕੀਤਾ ਕਿ ਉਹ ਲੁਧਿਆਣਾ ਬੰਬ ਧਮਾਕੇ ਨੂੰ ਸਿਆਸੀ ਵਿਰੋਧੀ ਧਿਰਾਂ ਨਾਲ ਜੋੜਨ ਵਾਲੇ ਇਲਜ਼ਾਮਾਂ ਦੇ ਸਬੂਤ ਜਨਤਕ ਕਰਨ ਜਾਂ ਇਸ ਮੁੱਦੇ ‘ਤੇ ਘਟੀਆ ਸਿਆਸਤ ਖੇਡਣ ਲਈ ਮੁਆਫ਼ੀ ਮੰਗਣ।
ਅਕਾਲੀ ਦਲ ਦੇ ਪ੍ਰਧਾਨ ਜਗਰਾਉਂ ਵਿੱਚ ਐਸ.ਆਰ.ਕਲੇਰ ਅਤੇ ਨਿਹਾਲ ਸਿੰਘ ਵਾਲਾ ਵਿੱਚ ਬਲਦੇਵ ਸਿੰਘ ਮਾਣੂੰਕੇ ਦੇ ਹੱਕ ਵਿੱਚ ਹੋਏ ਭਾਰੀ ਇਕੱਠਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸੁਖਬੀਰ ਬਾਦਲ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਸੂਬੇ ਵਿੱਚ ਗੜਬੜੀਆਂ ਹੋਣ ਦਾ ਦਾਅਵਾ ਕਰਨਾ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ ਹੈ। ਇੰਝ ਲੱਗਦਾ ਹੈ ਕਿ ਚਰਨਜੀਤ ਚੰਨੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੋਲ ਕਿਸੇ ਵੀ ਅਕਾਲੀ ਆਗੂ ਨੂੰ ਅਜਿਹੇ ਕਿਸੇ ਵੀ ਘਿਨੌਣੇ ਅਪਰਾਧ ਨਾਲ ਜੋੜਨ ਦਾ ਕੋਈ ਸਬੂਤ ਹੈ ਤਾਂ ਉਹ ਸਬੂਤ ਤੁਰੰਤ ਜਨਤਕ ਕਰਨ। ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਜਿਹੀ ਘਟੀਆ ਸਿਆਸਤ ਕਰਨ ਦੀ ਕੋਸ਼ਿਸ਼ ਲਈ ਸਾਰਿਆਂ ਸਾਹਮਣੇ ਮੁਆਫੀ ਮੰਗਣੀ ਚਾਹੀਦੀ ਹੈ।
ਬਾਦਲ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜ ਹੋਰ ਧਮਾਕੇ ਹੋਏ ਹਨ। ਮੁੱਖ ਮੰਤਰੀ ਨੂੰ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਂਚ ਦੀ ਸਟੇਟਸ ਰਿਪੋਰਟ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਸਾਫ ਹੈ ਕਿ ਸਰਕਾਰ ਸੁੱਤੀ ਪਈ ਹੈ। ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਘੇਰਨ ਦੀ ਕੋਸ਼ਿਸ਼ ਵਿੱਚ ਰੁਝੀ ਹੋਈ ਹੈ ਤੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਨੂੰ ਫੀਲਡ ਡੇਅ ਦਿੱਤਾ ਗਿਆ ਹੈ। ਜੇ ਸਰਕਾਰ ਪਹਿਲਾਂ ਹੋਏ ਬੰਬ ਧਮਾਕਿਆਂ ਦੀ ਜਾਂਚ ਕਰ ਲੈਂਦੀ ਤਾਂ ਲੁਧਿਆਣਾ ਦੀ ਇਸ ਦੁਖਦ ਘਟਨਾ ਨੂੰ ਟਾਲਿਆ ਜਾ ਸਕਦਾ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਸਿਰਫ਼ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਵਿੱਚ ਲੱਗੀ ਹੋਈ ਹੈ। ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ‘ਤੇ ਸਾਰੇ ਝੂਠੇ ਕੇਸਾਂ ਦੀ ਜਾਂਚ ਇੱਕ ਕਮਿਸ਼ਨ ਦੁਆਰਾ ਕੀਤੀ ਜਾਵੇਗੀ। ਝੂਠੇ ਕੇਸ ਦਰਜ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਸਰਕਾਰ ਵੱਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਏ ਗਏ ਸਾਰੇ ਲੋਕ ਵਿਰੋਧੀ ਫੈਸਲਿਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ।
Comment here