ਅਮਰੀਕਨ ਸਟੇਟ ਕਲੋਰਾਡੋ ‘ਚ ਅਦਾਲਤ ਵੱਲੋਂ ਇੱਕ ਟਰੱਕ ਡਰਾਈਵਰ ਨੂੰ ਦਿੱਤੀ ਗਈ 110 ਸਾਲ ਸਜ਼ਾ ਦੇ ਚੱਲਦਿਆਂ ਦੂਜੇ ਟਰੱਕ ਚਾਲਕਾਂ ਨੇ ਏਕਾ ਕਰਕੇ ਚੱਕਾ ਜਾਮ ਕਰ ਦਿੱਤਾ ਹੈ। ਟਰੱਕ ਚਾਲਕ ਦੀ ਸਜ਼ਾ ਘੱਟ ਕਰਵਾਉਣ ਲਈ ਇੱਕ ਪਟੀਸ਼ਨ ‘ਤੇ 30 ਲੱਖ ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ।
ਦਰਅਸਲ 25 ਅਪ੍ਰੈਲ 2019 ‘ਚ 26 ਸਾਲ ਦੇ ਰੋਜੇਲ ਐਗੁਏਲੇਰਾ-ਮੇਡੇਰੋਸ ਦਾ ਟਰੱਕ ਕੋਲੋਰਾਡੋ ਵਿੱਚ ਬ੍ਰੇਕਾਂ ਫ਼ੇਲ੍ਹ ਹੋਣ ਕਾਰਨ ਖੜ੍ਹੇ ਟ੍ਰੈਫ਼ਿਕ ‘ਤੇ ਜਾ ਚੜ੍ਹਿਆ ਸੀ, ਜਿਸ ਕਾਰਨ ਚਾਰ ਲੋਕ ਮਾਰੇ ਗਏ ਸਨ। ਅਕਤੂਬਰ ਵਿੱਚ ਅਦਾਲਤ ਵੱਲੋਂ ਉਸ ਨੂੰ ਚਾਰ ਲੋਕਾਂ ਦੇ ਮਾਰੇ ਜਾਣ ਤੇ ਲਾਪਰਵਾਹੀ ਨਾਲ ਟਰੱਕ ਚਲਾਉਣ ਲਈ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ110 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਨੌਜਵਾਨ ਦੇ ਪਰਿਵਾਰ ਵਾਲੇ ਵੀ ਇੰਨੀ ਲੰਮੀ ਸਜ਼ਾ ‘ਤੇ ਇਤਰਾਜ਼ ਪ੍ਰਗਟਾ ਰਹੇ ਸਨ।
13 ਦਸੰਬਰ ਨੂੰ ਰੋਜੇਲ ਨੂੰ ਅਦਾਲਤ ਵੱਲੋਂ ਮੁਆਫ਼ੀ ਦੇਣ ਜਾਂ ਸਜ਼ਾ ਘਟਾਏ ਜਾਣ ਨੂੰ ਲੈ ਕੇ ਇੱਕ ਪਟੀਸ਼ਨ ਬਣਾਈ ਗਈ, ਜਿਸ ‘ਤੇ 30 ਲੱਖ ਲੋਕਾਂ ਨੇ ਦਸਖ਼ਤ ਕੀਤੇ। ਪਟੀਸ਼ਨ ਵਿੱਚ ਟਰੱਕਾਂ ਵਾਲਿਆਂ ਦਾ ਕਹਿਣਾ ਹੈ ਕਿ ਰੋਜੇਲ ਦੀਆਂ ਅਲਕੋਹਲ ਤੇ ਡਰੱਗ ਦੀਆਂ ਰਿਪੋਰਟਾਂ ਵਿੱਚ ਅਜਿਹਾ ਕੁਝ ਨਹੀਂ ਆਇਆ ਕਿ ਉਸ ਨੇ ਨਸ਼ਾ ਕੀਤਾ ਹੋਵੇ। ਇਹ ਇੱਕ ਐਕਸੀਡੈਂਟ ਸੀ, ਟਰੱਕ ਡਰਾਈਵਰ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ।
ਇਸ ਲਈ ਉਸ ਨੂੰ ਅਜਿਹੀ ਸਜ਼ਾ ਨਹੀਂ ਦੇਣੀ ਚਾਹੀਦੀ। ਟਰੱਕ ਡਰਾਈਵਰ ਦੀ ਸਜ਼ਾ ਘਟਾਉਣ ਲਈ ਟਰੱਕਾਂ ਵਾਲਿਆਂ ਨੇ ਏਕਾ ਕਰਕੇ ਇਸ ਫ਼ੈਸਲੇ ਵਿਰੁੱਧ ਮੀਲਾਂ ਲੰਮਾ ਚੱਕਾ ਜਾਮ ਕਰ ਦਿੱਤਾ ਹੈ।
Comment here