ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ‘ਤੇ ਸਿਆਸਤ ਫਿਰ ਤੋਂ ਭਖ ਗਈ ਹੈ। ‘ਆਪ’ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਕਿਸਤਾਨ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੀਤੀ ਗਈ ਤਾਰੀਫ ਨੂੰ ‘ਚਿੰਤਾਜਨਕ’ ਕਰਾਰ ਦਿੱਤਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਦਾ ਪਾਕਿਸਤਾਨ ਲਈ ਇਹ ਪਿਆਰ ਦੇਸ਼ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ਖਤਰਨਾਕ ਹੈ। ਅੱਜ ਇੱਕ ਬਿਆਨ ਵਿੱਚ ਚੱਢਾ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸਦੀ ਪੁਲਿਸ ਅਤੇ ਬੀ.ਐਸ.ਐਫ ਵਾਰ-ਵਾਰ ਬਾਰਡਰ ਪਾਰੋਂ ਭੇਜੇ ਜਾਣ ਵਾਲੇ ਡਰੋਨ, ਟਿਫਿਨ ਬੰਬ ਅਤੇ ਨਸ਼ੀਲੇ ਪਦਾਰਥ (ਹੈਰੋਇਨ) ਫੜਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਸਰਹੱਦ ਖੋਲ੍ਹਣ ਦੀ ਗੱਲ ਕਰਦੀ ਹੈ, ਪਰ ਜੇਕਰ ਅਜਿਹਾ ਕੀਤਾ ਗਿਆ ਤਾਂ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਆਮਦ ਚਾਰ ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਅਜਿਹੇ ਬਿਆਨ ਦੇਣਾ ਗਲਤ ਹੈ।ਇਮਰਾਨ ਖਾਨ ਨੂੰ ਵੱਡਾ ਭਰਾ ਕਹਿ ਕੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਪਾਕਿਸਤਾਨੀ ਅਧਿਕਾਰੀ ਇਮਰਾਨ ਖ਼ਾਨ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਖਾਨ ਉਨ੍ਹਾਂ ਦੇ ‘ਵੱਡੇ ਭਰਾ’ ਵਾਂਗ ਹਨ। ਉਥੇ ਹੀ ਸਿੱਧੂ ਨੇ ਇਸ ‘ਤੇ ਸਫਾਈ ਦਿੰਦਿਆਂ ਕਿਹਾ ਕਿ ਉਹ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦੇ ਹਨ ਅਤੇ ਕਰਦੇ ਰਹਿਣਗੇ। ਜਿਸ ਨੇ ਜੋ ਕਹਿਣਾ ਹੈ ਉਹ ਕਹੀ ਜਾਵੇ।
Comment here