ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਇੱਕ ਤੋਂ ਬਾਅਦ ਇੱਕ ਕਈ ਮੋੜ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀ ਇਸ ਘਟਨਾ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਏ ਨਿਹੰਗ ਸਿੰਘਾਂ ਦੀ ਜੱਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਦੀ ਬੀਜੇਪੀ ਆਗੂਆਂ ਨਾਲ ਪੁਰਾਣੀ ਤਸਵੀਰ ਨੇ ਤਰਥਲੀ ਮਚਾ ਦਿੱਤੀ ਸੀ।
ਉੱਥੇ ਹੀ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਕਈ ਨਿਹੰਗ ਸਿੰਘ ਜਥੇਬੰਦੀਆਂ ਵੀ ਬਾਬਾ ਅਮਨ ਸਿੰਘ ਦੇ ਖਿਲਾਫ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਸਿੰਘੂ ਬਾਰਡਰ ‘ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਹੈ ਕਿ ਸਾਡਾ ਅੱਜ ਤੋਂ ਬਾਬਾ ਅਮਨ ਸਿੰਘ ਦੇ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋਈ ਤਸਵੀਰ ਦੇ ਮਾਮਲੇ ‘ਤੇ ਬੋਲਦਿਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਜਿਵੇ ਵੀ ਚਾਹੇ ਪੁੱਛਗਿੱਛ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਅਮਨ ਸਿੰਘ ਦੀ ਭਾਜਪਾ ਆਗੂਆਂ ਨਾਲ ਮੁਲਾਕਤ ਦੇ ਸਬੰਧ ‘ਚ ਕੋਈ ਜਾਣਕਾਰੀ ਨਹੀਂ ਹੈ। ਬਾਬਾ ਅਮਨ ਸਿੰਘ ਜੋ ਬੋਲ ਰਹੇ ਨੇ ਇਸ ਸਬੰਧੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਸਾਡਾ BJP ਦੇ ਨਾਲ ਕੋਈ ਸਬੰਧ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਮੋਰਚੇ ਨੂੰ ਢਾਹ ਲਾਉਣ ਵਾਲਾ ਕੋਈ ਵੀ ਕੰਮ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਿਸੇ ਸਾਜਿਸ਼ ਦੇ ਵਿੱਚ ਸ਼ਾਮਿਲ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬੇਅਦਵੀ ਦੇ ਮਾਮਲੇ ‘ਚ ਵੀ ਕੋਈ ਗਲਤ ਐਕਸ਼ਨ ਨਹੀਂ ਲਿਆ ਹੈ। ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕੇ ਜੇਕਰ ਸਾਡੇ ਖਿਲਾਫ ਕੋਈ ਵੀ ਸਬੂਤ ਹੈ ਤਾਂ ਉਸ ਨੂੰ ਦਿਖਾ ਕੇ ਸਾਨੂ ਕੋਈ ਵੀ ਸਜ਼ਾ ਦੇ ਸਕਦੇ ਹੋ।
ਲਖਬੀਰ ਸਿੰਘ ਦੇ ਮਾਮਲੇ ‘ਚ ਅੱਗੇ ਬੋਲਦਿਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਵੀਡੀਓ ‘ਚ ਲਖਬੀਰ ਦੱਸ ਰਿਹਾ ਹੈ ਕਿ ਇਸ ਮਾਮਲੇ ‘ਚ ਹੋਰ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ 30-30 ਹਜ਼ਾਰ ਲਿਆ ਹੈ। ਇਸ ਲਈ ਜਿੱਥੇ-ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਭ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਢਾਹ ਲਾਉਣ ਲਈ ਅਤੇ ਲੋਕਾਂ ਨੂੰ ਭੜਕਾਉਣ ਲਈ ਇਹ ਸਭ ਸਰਕਾਰ ਵੱਲੋ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਜਿਸ਼ ਦੇ ਤਹਿਤ ਹੋ ਰਿਹਾ ਹੈ। ਦਰਅਸਲ ਸਿੰਘੂ ਬਾਰਡਰ ‘ਤੇ ਅੱਜ ਇੱਕ ਨਕਲੀ ਨਿਹੰਗ ਸਿੰਘ ਨੂੰ ਵੀ ਫੜਿਆ ਗਿਆ ਹੈ। ਜਿਸ ਨੇ ਕੁੱਝ ਦਿਨ ਪਹਿਲਾ ਹੀ ਸਿੰਘੂ ਬਾਰਡਰ ‘ਤੇ ਬਾਬਾ ਅਮਨ ਸਿੰਘ ਦੇ ਜਥੇ ਨਾਲ ਕੇ ਰਹਿਣਾ ਸ਼ੁਰੂ ਕੀਤਾ ਸੀ। ਵਿਅਕਤੀ ਦਾ ਪਹਿਰਾਵਾ ਵੀ ਨਿਹੰਗ ਸਿੰਘਾਂ ਵਾਂਗ ਹੀ ਸੀ। ਵਲੰਟੀਅਰਾਂ ਨੇ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਤੋਂ ਬਾਅਦ ਹੀ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਐਲਾਨ ਕੀਤਾ ਹੈ।
Comment here