ਬਠਿੰਡਾ ਦੀ ਦਾਣਾ ਮੰਡੀ ਵਿੱਚ ਵੀਰਵਾਰ ਰਾਤ 100 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਰਾਮਲੀਲਾ ਵੇਖ ਰਹੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਸਮਾਜ ਵਿਰੋਧੀ ਅਤੇ ਗੁੰਡਾ ਅਨਸਰਾਂ ਨੇ ਤਾੜਕਾ ਵਧ ਵਾਲੀ ਰਾਤ ਨੂੰ ਖੂਬ ਹੰਗਾਮਾ ਮਚਾਇਆ।
ਡੰਡੇ ਅਤੇ ਤਲਵਾਰਾਂ ਨਾਲ ਲੈਸ ਹੋ ਕੇ ਆਏ ਹਮਲਾਵਰਾਂ ਨੇ ਰਾਮਲੀਲਾ ਵੇਖ ਰਹੇ ਦਰਸ਼ਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕੁਰਸੀਆਂ ਨੂੰ ਚੁੱਕਿਆ ਅਤੇ ਸੁੱਟਣਾ ਅਤੇ ਤੋੜਨਾ ਸ਼ੁਰੂ ਕਰ ਦਿੱਤਾ। ਦਰਸ਼ਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਔਰਤਾਂ, ਬਜ਼ੁਰਗ ਅਤੇ ਬੱਚੇ ਸਭ ਆਪਣੀ ਜਾਨ ਬਚਾ ਕੇ ਭੱਜਣ ਲੱਗੇ। ਬਹੁਤ ਸਾਰੇ ਲੋਕਾਂ ਨੇ ਰਾਮਲੀਲਾ ਦੇ ਮੰਚ ਦੇ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਰਾਮਾਇਣ ਕਲਾ ਕੇਂਦਰ ਵੈਲਫੇਅਰ ਸੁਸਾਇਟੀ ਦੁਆਰਾ ਆਯੋਜਿਤ ਕੀਤੀ ਜਾ ਰਹੀ ਰਾਮਲੀਲਾ ਵਿੱਚ ਤਾੜਕਾ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਨੇ ਇਸ ਵਾਰ ਭੂਮਿਕਾ ਨਾ ਮਿਲਣ ਦੇ ਕਾਰਨ ਸਾਥੀਆਂ ਦੇ ਨਾਲ ਹਮਲਾ ਕੀਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਐਸਐਸਪੀ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ।
ਇਸ ਦੌਰਾਨ ਰਾਮਲੀਲਾ ਪ੍ਰਬੰਧਕ ਕਮੇਟੀ ਦੇ ਮਹਿੰਦਰ ਕੁਮਾਰ ਬਚਾਅ ਲਈ ਆਏ ਅਤੇ ਉਨ੍ਹਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ। ਇਸ ਵਿੱਚ ਉਨ੍ਹਾਂ ਦੇ ਇੱਕ ਹੱਥ ਦੀ ਉਂਗਲ ਵੱਢੀ ਗਈ। ਰਾਮਲੀਲਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਪਰ ਪੂਰੇ ਹੰਗਾਮੇ ਦੌਰਾਨ ਪੁਲਿਸ ਨਹੀਂ ਪਹੁੰਚੀ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਨੇੜਲੇ ਘਰਾਂ ਦੀ ਛੱਤ ‘ਤੇ ਖੜ੍ਹੇ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ ‘ਚ ਕੈਦ ਕਰ ਲਿਆ ਹੈ। ਇਸ ਦੀ ਵੀਡੀਓ ਅਤੇ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।
ਸ਼ੁੱਕਰਵਾਰ ਸਵੇਰੇ ਡੀਐਸਪੀ ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਅਤੇ ਸਿਵਲ ਹਸਪਤਾਲ ਪੁਲਿਸ ਚੌਂਕੀ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਭਾਰੀ ਰੋਸ ਹੈ। ਲੋਕ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾ ਰਹੇ ਹਨ। ਪੁਲਿਸ ਵੱਲੋਂ 40 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਟੀਮ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਰਾਮਲੀਲਾ ਵਿੱਚ ਹੰਗਾਮੇ ਦਾ ਕਾਰਨ ਇੱਕ ਕਲਾਕਾਰ ਰਵੀ ਹੋ ਸਕਦਾ ਹੈ, ਜੋ ਪਿਛਲੇ ਡੇਢ ਦਹਾਕੇ ਤੋਂ ਤਾੜਕਾ ਦਾ ਰੋਲ ਕਰ ਰਿਹਾ ਸੀ। ਇਸ ਵਾਰ ਮੈਨੇਜਮੈਂਟ ਕਮੇਟੀ ਨੇ ਉਸਨੂੰ ਰੋਲ ਨਹੀਂ ਦਿੱਤਾ ਸੀ। ਤਾੜਕਾ ਦੀ ਭੂਮਿਕਾ ਹੁਣ ਇੱਕ ਪ੍ਰੋਫੈਸ਼ਨਲ ਕਲਾਕਾਰ ਵੱਲੋਂ ਨਿਭਾਈ ਜਾ ਰਹੀ ਹੈ। ਰਵੀ ਪਿਛਲੇ ਕੁਝ ਦਿਨਾਂ ਤੋਂ ਭੂਮਿਕਾ ਨਾ ਦੇਣ ਕਾਰਨ ਨਾਰਾਜ਼ ਸੀ ਅਤੇ ਕਮੇਟੀ ਮੈਂਬਰਾਂ ਨੂੰ ਧਮਕੀਆਂ ਵੀ ਦੇ ਰਿਹਾ ਸੀ। ਸੰਭਾਵਨਾ ਹੈ ਕਿ ਇਸ ਦੁਸ਼ਮਣੀ ਵਿੱਚ ਉਸਨੇ ਰਾਤ ਨੂੰ ਤਾੜਕਾ ਵਧ ਦੇ ਸੀਨ ਨੂੰ ਵਿਗਾੜਨ ਅਤੇ ਪ੍ਰਬੰਧਕ ਕਮੇਟੀ ਨੂੰ ਪਰੇਸ਼ਾਨ ਕਰਨ ਦੇ ਲਈ ਆਪਣੇ ਸਾਥੀਆਂ ਦੇ ਨਾਲ ਰਾਮਲੀਲਾ ਵਿੱਚ ਰੁਕਾਵਚ ਪਾਈ।
Comment here