
ਪੰਜਾਬ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਚ ਦੁਬਾਰਾ ਗਠਜੋੜ ਨੂੰ ਲੈ ਕੇ ਇਕ ਵਾਰ ਫਿਰ ਚਰਚਾਵਾਂ ਤੇਜ਼ ਹੋ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਗੱਲਬਾਤ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪੰਜਾਬ ਸਭ ਤੋਂ ਉਪਰ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਅਕਾਲੀ ਦਲ ਦੇ NDA ਵਿਚ ਰਲੇਵੇਂ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਰਾਜਪਾਲ ਨਾਲ ਮੁਲਾਕਾਤ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਪਹਿਲ ਦੇਣ ਦੀ ਗੱਲ ਕਹੀ। ਹਾਲਾਂਕਿ ਉਨ੍ਹਾਂ ਦੇ ਬਿਆਨ ਨਾਲ ਗਠਜੋੜ ਨੂੰ ਲੈ ਕੇ ਕੋਈ ਸਪੱਸ਼ਟ ਐਲਾਨ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਦੇ ਇਸ ਰੁਖ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਤੇ ਇਹ ਪੰਜਾਬ ਲਈ ਨੰਬਰ ਵਨ ਹੈ। ਜੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹਨ, ਉਨ੍ਹਾਂ ਨਾਲ ਅਸੀਂ ਓਪਨ ਹਾਂ।ਜ਼ਿਕਰਯੋਗ ਹੈ ਕਿ ਅਕਾਲੀ ਦਲ ਤੇ ਭਾਜਪਾ ਲੰਬੇ ਸਮੇਂ ਤੋਂ ਪੰਜਾਬ ਵਿਚ ਗਠਜੋੜ ਦੇ ਸਹਯੋਗੀ ਰਹੇ ਹਨ। ਪਰ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸਤੰਬਰ 2020 ਵਿਚ ਅਕਾਲੀ ਦਲ ਨੇ NDA ਨਾਲ ਨਾਤਾ ਤੋੜ ਦਿੱਤਾ ਸੀ। ਦੋਵੇਂ ਪਾਰਟੀਆਂ ਵਿਚ ਗਠਜੋੜ ਨੂੰ ਲੈ ਕੇ ਕਿਸੇ ਅਧਿਕਾਰਕ ਐਲਾਨ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੇ ਵਿਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਦੋਵੇਂ ਪਾਰਟੀਆਂ ਇਸ ਦਿਸ਼ਾ ਵਿਚ ਕੀ ਰੁਖ਼ ਅਪਣਾਉਂਦੀਆਂ ਹਨ।
