Site icon SMZ NEWS

ਭਾਜਪਾ-ਅਕਾਲੀ ਦਾ ਗੱਠਜੋੜ ਤੈਅ!

 

 

ਜੇਕਰ  ਸੂਤਰਾਂ ਤੋਂ ਮਿਲੀ ਜਾਣਕਾਰੀ ਨੂੰ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ (ਬਾਦਲ) ਦੇ ਭਾਜਪਾ ਪ੍ਰਤੀ ਸਿਆਸੀ ਰਵੱਈਏ ਨੂੰ ਮੇਲ ਕੇ ਦੇਖਿਆ ਜਾਵੇ ਤਾਂ ਕੁਝ ਦਿਨਾਂ ਤੱਕ ਅਕਾਲੀ-ਭਾਜਪਾ ਦੇ ਸਿਆਸੀ ਗੱਠਜੋੜ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਦਾ ਮੰਨਣਾ ਹੈ ਕਿ ਪੰਜਾਬ ’ਚ ਚੋਣਾਂ ਵੇਲੇ ਵੱਡੇ ਤੇ ਛੋਟੇ ਭਰਾ ਦੀ ਭੂਮਿਕਾ ਲਗਭਗ ਤੈਅ ਹੋ ਚੁੱਕੀ ਹੈ। ਉਨ੍ਹਾਂ ਵਿਧਾਨ ਸਭਾਈ ਹਲਕਿਆਂ ਦੀ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ, ਜਿਨ੍ਹਾਂ ’ਚ ਭਾਜਪਾ ਆਗੂ ਚੋਣ ਲੜਨ ਲਈ ਅਕਾਲੀ ਦਲ ਦੀ ਤੱਕੜੀ ’ਚ ‘ਤੁਲ’ ਸਕਦੇ ਹਨ। ਅੱਧੀ ਦਰਜਨ ਇਹੋ ਜਿਹੇ ਹਲਕੇ ਹੋ ਸਕਦੇ ਹਨ। ਇਸ ਸੰਦਰਭ ’ਚ ਵਿਧਾਨ ਹਲਕਾ ਸ਼ਾਹਕੋਟ ’ਚ ਭਾਜਪਾ ਦੇ ਸਰਗਰਮ ਆਗੂ ਰਾਣਾ ਹਰਦੀਪ ਸਿੰਘ ਦੀ ਨਬਜ਼ ਟਟੋਲੀ ਗਈ ਤਾਂ ਉਹ ਭਾਜਪਾ-ਅਕਾਲੀ ਗੱਠਜੋੜ ਪ੍ਰਤੀ ਆਸਵੰਦ ਦਿਖੇ। ਉਹ ਗੱਠਜੋੜ ਹੋ ਜਾਣ ਉਪਰੰਤ ਚੋਣਾਂ ’ਚ ਚੰਗੇ ਨਤੀਜੇ ਆਉਣ ਦਾ ਅੰਦਾਜ਼ਾ ਲਾਉਂਦਿਆਂ ਉਤਸ਼ਾਹਿਤ ਵੀ ਨਜ਼ਰ ਆਏ। ਇਸੇ ਦੌਰਾਨ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਗੱਠਜੋੜ ਦੀਆਂ ਸੰਭਾਵਨਾਵਾਂ ਦੇ ਸੰਦਰਭ ’ਚ ਗੱਲ ਕਰਦਿਆਂ ਕਿਹਾ ਕਿ ਅੱਜ ਹੀ (ਬੁੱਧਵਾਰ) ਅਕਾਲੀ ਦਲ ਬੀਸੀ ਵਿੰਗ ਦੇ ਸੂਬਾ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਇੱਥੇ ਆਏ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਗੱਲ ਕਰਦਿਆਂ ਅਕਾਲੀ ਦਲ ਵੱਲੋਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ’ਤੇ ਜ਼ੋਰ ਦਿੱਤਾ। ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਸਿਆਸਤ ’ਚ ਗੱਠਜੋੜਾ ਦੇ ਦੌਰ ਦੀ ਗੱਲ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਗੱਠਜੋੜ ਚੋਣ ਲੜਨ ਵੇਲੇ ਹੋਵੇ, ਇਹ ਚੋਣਾਂ ਤੋਂ ਬਾਅਦ ਵੀ ਸੰਭਵ ਹੈ।

Exit mobile version