ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਚੰਡੀਗੜ੍ਹ ਦੇ PGI ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਲਦ ਹੀ ਮਾਨਸਾ ਤੋਂ PGI ਚੰਡੀਗੜ੍ਹ ਲਿਜਾਇਆ ਜਾਵੇਗਾ।ਦੱਸ ਦੇਈਏ ਕਿ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਅਤੇ ਹੋਰ ਲੋਕ ਧਰਨੇ ’ਤੇ ਬੈਠੇ ਸਨ। ਪਰਿਵਾਰ ਅਤੇ ਸੰਘਰਸ਼ ਕਰ ਰਹੇ ਲੋਕਾਂ ਦੀ ਮੁੱਖ ਮੰਗ ਸੀ ਕਿ ਪੋਸਟਮਾਰਟਮ PGI ਚੰਡੀਗੜ੍ਹ ਤੋਂ ਕਰਵਾਇਆ ਜਾਵੇ, ਤਾਂ ਜੋ ਮੈਡੀਕਲ ਜਾਂਚ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੋ ਸਕੇ। ਪਰਿਵਾਰ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।ਇਸ ਮਾਮਲੇ ਵਿੱਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੌਰੇ ਦੌਰਾਨ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।ਉੱਧਰ, ਅਮਿਤ ਸ਼ਾਹ ਦੀ ਮੁਲਾਕਾਤ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਲਈ ਪੱਤਰ ਭੇਜਿਆ ਸੀ। ਇਸ ਤੋਂ ਬਾਅਦ ਬੀਤੀ ਰਾਤ CBI ਦੀ ਟੀਮ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਘਰ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਹੁਣ ਸਭ ਦੀਆਂ ਨਜ਼ਰਾਂ PGI ਵਿੱਚ ਹੋਣ ਵਾਲੇ ਪੋਸਟਮਾਰਟਮ ਅਤੇ CBI ਦੀ ਜਾਂਚ ’ਤੇ ਟਿਕੀਆਂ ਹੋਈਆਂ ਹਨ। ਵੇਖਣਾ ਹੋਵੇਗਾ ਕਿ ਜਾਂਚ ਦੌਰਾਨ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲਦਾ ਹੈ।