ਆਮ ਆਦਮੀ ਪਾਰਟੀ (AAP) ਦੇ 7 ਸਾਂਸਦ ਮੈਂਬਰਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਭਾਜਪਾ (BJP) ‘ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਪਾਰਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿਥੇ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ-ਦੂਜੇ ‘ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਵੀ ਪੰਜਾਬ ‘ਚ ਦੋ ਐਫਆਈਆਰ ਦਰਜ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਮਾਮਲੇ ਭ੍ਰਿਸ਼ਟਾਚਾਰ ਅਤੇ ਔਰਤਾਂ ਦੇ ਸ਼ੋਸ਼ਣ ਨਾਲ ਸਬੰਧਤ ਹਨ ਅਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋਸ਼ ਲਗਾਏ ਜਾਣ ਦੀ ਗੱਲ ਕਹੀ ਗਈ ਹੈ।ਇਸ ਸਾਰੇ ਮਾਮਲੇ ‘ਤੇ ਐਤਵਾਰ ਨੂੰ ਭਾਜਪਾ ‘ਚ ਸ਼ਾਮਲ ਹੋਣ ਬਾਅਦ ਪਹਿਲੀ ਵਾਰ ਸਾਂਸਦ ਸੰਦੀਪ ਪਾਠਕ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਨੂੰ ਇਸਦੀ ਕੋਈ ਜਾਣਕਾਰੀ ਨਹੀਂ ਕਿ ਮੇਰੇ ਖਿਲਾਫ਼ ਐਫਆਈਆਰ ਦਰਜ ਹਨ, ਅਜਿਹੀਆਂ ਖ਼ਬਰਾਂ ਹਨ ਅਤੇ ਜਦੋਂ ਮੈਨੂੰ ਜਾਣਕਾਰੀ ਮਿਲੇਗੀ ਤਾਂ ਹੀ ਮੈਂ ਕੋਈ ਜਵਾਬ ਦੇ ਸਕਦਾ ਹਾਂ।ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ, “ਕੱਲ੍ਹ ਤੋਂ, ਟੀਵੀ ਚੈਨਲ ਰਿਪੋਰਟ ਕਰ ਰਹੇ ਹਨ ਕਿ ਪੰਜਾਬ ਵਿੱਚ ਮੇਰੇ ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਮੈਨੂੰ ਅਜੇ ਤੱਕ ਇਨ੍ਹਾਂ ਐਫਆਈਆਰਜ਼ ਬਾਰੇ ਕੋਈ ਰਸਮੀ ਜਾਂ ਗੈਰ-ਰਸਮੀ ਜਾਣਕਾਰੀ ਨਹੀਂ ਮਿਲੀ ਹੈ। ਮੈਂ ਕੱਲ੍ਹ ਤੋਂ ਐਫਆਈਆਰ ਦੀ ਕਾਪੀ ਪ੍ਰਾਪਤ ਕਰਨ ਦੀ ਉਡੀਕ ਕਰ ਰਿਹਾ ਹਾਂ ਤਾਂ ਜੋ ਮੈਂ ਜਵਾਬ ਦੇ ਸਕਾਂ। ਹੁਣ ਤੱਕ, ਮੈਨੂੰ ਐਫਆਈਆਰਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।”ਉਨ੍ਹਾਂ ਕਿਹਾ, “ਜੇਕਰ ਐਫਆਈਆਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਦਰਜ ਕੀਤੀ ਗਈ ਹੈ, ਤਾਂ ਮੈਂ ਪੂਰੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਜਵਾਬ ਦੇ ਸਕਾਂਗਾ। ਜੋ ਲੋਕ ਮੈਨੂੰ ਜਾਣਦੇ ਹਨ, ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ, ਭਾਵੇਂ ਉਹ ਵਲੰਟੀਅਰ ਹਨ ਜਾਂ ਨੇਤਾ, ਉਹ ਜਾਣਦੇ ਹਨ ਕਿ ਮੈਂ ਸਿਧਾਂਤਾਂ ਅਤੇ ਨੈਤਿਕਤਾ ਦੇ ਆਧਾਰ ‘ਤੇ ਰਾਜਨੀਤੀ ਕਰਦਾ ਹਾਂ। ਜਦੋਂ ਮੈਂ ‘ਆਪ’ ਵਿੱਚ ਸੀ, ਮੈਂ ਸਿਧਾਂਤਾਂ ਨਾਲ ਕੰਮ ਕੀਤਾ। ਅੱਜ, ਮੈਂ ਭਾਜਪਾ ਵਿੱਚ ਹਾਂ ਅਤੇ ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।”
AAP ਤੋਂ BJP ‘ਚ ਸ਼ਮੂਲੀਅਤ ਪਿੱਛੋਂ ਪਹਿਲੀ ਵਾਰ ਸਾਹਮਣੇ ਆਏ ਸੰਦੀਪ ਪਾਠਕ, ਪੰਜਾਬ ‘ਚ ਆਪਣੇ ਖਿਲਾਫ਼ FIRs ‘ਤੇ ਖੁੱਲ੍ਹ ਕੇ ਦਿੱਤਾ ਜਵਾਬ

