Site icon SMZ NEWS

“AAP ‘ਤੇ ਡਾ. ਗਾਂਧੀ ਦਾ ਵੱਡਾ ਹਮਲਾ, ਰਾਘਵ ਚੱਢਾ ‘ਤੇ ਗੰਭੀਰ ਦੋਸ਼”

ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ (AAP) ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ “ਆਮ ਆਦਮੀ ਪਾਰਟੀ ਨਹੀਂ, ਖਾਸ ਆਦਮੀਆਂ ਦੀ ਪਾਰਟੀ” ਬਣ ਚੁੱਕੀ ਹੈ।

ਡਾ. ਗਾਂਧੀ ਨੇ ਦੋਸ਼ ਲਾਇਆ ਕਿ ਪਾਰਟੀ ਵਿੱਚ ਕੁਝ ਲੋਕਾਂ ਵੱਲੋਂ ਲੁੱਟ ਅਤੇ ਠੱਗੀ ਵਾਲਾ ਰਵੱਈਆ ਅਪਣਾਇਆ ਗਿਆ, ਜਿਸਦਾ ਹਿੱਸਾ ਰਾਘਵ ਚੱਢਾ ਵੀ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਪੈਸੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਿੰਨੀ ਰਾਘਵ ਚੱਢਾ ਨੇ ਕੀਤੀ, ਉਹ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤੀ।

ਉਨ੍ਹਾਂ ਦੱਸਿਆ ਕਿ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ AAP ਛੱਡਣ ਦਾ ਫੈਸਲਾ ਕੀਤਾ ਸੀ। ਡਾ. ਗਾਂਧੀ ਦੇ ਅਨੁਸਾਰ, ਜਿਹੜੇ ਨੇਤਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਸਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਰ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਾਰਟੀ ਦਾ ਗਰਾਫ ਕੁਝ ਉੱਪਰ ਆਇਆ ਹੈ ਅਤੇ ਲੋਕਾਂ ਦੀ ਨਾਰਾਜ਼ਗੀ ਹੌਲੀ-ਹੌਲੀ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਹੜਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰ ਸਰਗਰਮ ਹੋਏ ਹਨ, ਜਦਕਿ ਅਕਾਲੀ ਦਲ ਦੀ ਪੁਨਰਸੁਰਜੀਤ ਮੁਹਿੰਮ ਵਿੱਚ ਵੱਡੀ ਸਫਲਤਾ ਨਹੀਂ ਮਿਲੀ।

2027 ਦੀਆਂ ਚੋਣਾਂ ਬਾਰੇ ਗੱਲ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਪਰ ਪਾਰਟੀ ਨੂੰ ਆਪਣੇ ਅੰਦਰੂਨੀ ਮਸਲੇ ਸੁਧਾਰਨ ਦੀ ਲੋੜ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਕਾਂਗਰਸ ਵਿੱਚ ਨਾ ਹੋਣ ਦੀ ਸੰਭਾਵਨਾ ਹੈ ਅਤੇ ਪਾਰਟੀ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ।

Exit mobile version