ਬਨੂੜ- ਤੇਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾਂ ਵਿਚ ਜਾਂਦੀ ਪਹੀ ਉੱਤੇ ਫ਼ਾਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ(45) ਵਾਸੀ ਪਿੰਡ ਸਿੱਖਵਾਲਾ, ਨੇੜੇ ਲੰਬੀ(ਜ਼ਿਲ੍ਹਾ ਬਠਿੰਡਾ), ਉਸ ਦੀ ਪਤਨੀ ਮਨਦੀਪ ਕੌਰ(42) ਅਤੇ ਉਸ ਦੇ ਪੁੱਤਰ ਅਭੇ(15 ਸਾਲ) ਦੀਆਂ ਹਨ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿਚ ਪਿਸਟਲ ਫੜਿਆ ਹੋਇਆ ਸੀ ਅਤੇ ਤਿੰਨੋਂ ਮ੍ਰਿਤਕਾਂ ਦੇ ਸਿਰ ਵਿਚ ਗੋਲੀਆਂ ਦੇ ਨਿਸ਼ਾਨ ਹਨ। ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜ਼ਾਮ ਦਿੱਤਾ।
ਘਟਨਾ ਦਾ ਪਤਾ ਖੇਤਾਂ ਵਿੱਚੋਂ ਟਿਊਬਵੈੱਲ ਲਗਾਉਣ ਆਏ ਕੁੱਝ ਵਿਅਕਤੀਆਂ ਤੋਂ ਲੱਗਿਆ, ਜਿਨ੍ਹਾਂ ਨੇ ਗੱਡੀ ਵਿਚ ਲਾਸ਼ਾਂ ਵੇਖ ਕੇ ਬਨੂਡ਼ ਪੁਲਿਸ ਨੂੰ ਫ਼ੋਨ ਕੀਤਾ, ਜਿਸ ਮਗਰੋਂ ਥਾਣਾ ਬਨੂੜ ਦੀ ਪੁਲਿਸ ਅਤੇ ਰਾਜਪੁਰਾ ਤੋਂ ਡੀਐਸਪੀ ਮਨਜੀਤ ਸਿੰਘ ਤੁਰੰਤ ਮੌਕੇ ਤੇ ਪਹੁੰਚੇ। ਪੁਲਿਸ ਦੇ ਪਹੁੰਚਣ ਤੱਕ ਗੱਡੀ ਸਟਾਰਟ ਹੀ ਖੜੀ ਸੀ, ਜਿਸ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਚਾਰ ਵਜੇ ਦੇ ਕਰੀਬ ਵਾਪਰੀ। ਸਾਰਾ ਪਰਿਵਾਰ ਪੀਬੀ-65 ਏਐਮ-0082 ਨੰਬਰ ਵਿਚ ਫਾਰਚੂਨਰ ਗੱਡੀ ਵਿਚ ਮੌਜੂਦ ਸੀ। ਇਹ ਖ਼ਬਰ ਲਿਖੇ ਜਾਣ ਤੱਕ ਤਿੰਨੋਂ ਲਾਸ਼ਾਂ ਅਤੇ ਗੱਡੀ ਘਟਨਾ ਸਥਾਨ ਤੇ ਹੀ ਮੌਜੂਦ ਸੀ। ਇੱਥੇ ਵੱਡੀ ਪੁਲੀਸ ਪਹੁੰਚੀ ਹੋਈ ਸੀ। ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ। ਮੌਕੇ ਦੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਪਹਿਲਾਂ ਗੁੜਗਾਉਂ ਰਹਿੰਦੇ ਸੀ ਪਰ ਪਿਛਲੇ 7-8 ਸਾਲਾਂ ਤੋਂ ਮੁਹਾਲੀ ਦੇ ਸੈਕਟਰ 109 ਐਮਅਰ ਅਸਟੇਟ ਵਿਚ ਰਹਿ ਰਹੇ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੇਵ ਅਸਟੇਟ ਵਿਚ ਮ੍ਰਿਤਕਾਂ ਦੇ ਪਰਿਵਾਰ ਦੇ ਗਵਾਂਢੀ ਵੱਡੀ ਗਿਣਤੀ ਵਿਚ ਮੌਕੇ ਤੇ ਪਹੁੰਚੇ ਹੋਏ ਸਨ। 
ਪ੍ਰਾਪਰਟੀ ਦਾ ਕੰਮ ਕਰਦੇ 45 ਸਾਲਾ ਵਿਅਕਤੀ ਨੇ ਫਾਰਚੂਨਰ ਗੱਡੀ ਵਿੱਚ ਪੁੱਤਰ, ਪਤਨੀ ਅਤੇ ਖ਼ੁਦ ਨੂੰ ਮਾਰੀ ਗੋਲੀ

Related tags :

Comment here