News

ਮਲੇਸ਼ੀਆ ਵਿੱਚ ਫਸੇ ਨੌਜਵਾਨ ਦੀ ਸੰਤ ਸੀਚੇਵਾਲ ਦੇ ਯਤਨਾ ਸਦਕਾ ਹੋਈ ਘਰ ਵਾਪਸੀ

ਲੁਧਿਆਣਾ ਜਿਲ੍ਹੇ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਵਾਪਸੀ ਹੋਈ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਜਗਦੀਪ ਨੇ ਦੱਸਿਆ ਕਿ ਉਹ ਸਾਲ 2019 ਦੌਰਾਨ ਮਲੇਸ਼ੀਆ ਘੁੰਮਣ ਲਈ ਗਿਆ ਸੀ। ਪਰ ਉਸਦਾ ਵਿਦੇਸ਼ ਘੁੰਮਣ ਜਾਣਾ ਉਸ ਲਈ ਉਸ ਵੇਲੇ ਵੱਡੀ ਮੁਸੀਬਤ ਬਣ ਗਿਆ ਜਦੋਂ ਉੱਥੇ ਪਹੁੰਚਦਿਆ ਹੀ ਹਫਤੇ ਬਾਅਦ ਉਸਦੇ ਪਿਤਾ ਤੇ ਭਰਾ ਦਾ ਐਕਸੀਡੈਂਟ ਹੋ ਗਿਆ। ਉਸਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਸਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ।
ਜਗਦੀਪ ਨੇ ਦੱਸਿਆ ਕਿ ਇਹਨਾਂ ਹਲਾਤਾਂ ਵਿੱਚ ਉਸਨੂੰ ਕੁੱਝ ਵੀ ਸਮਝ ਨਹੀ ਆਇਆ ਤੇ ਉਸਨੇ ਘਰ ਦੇ ਹਲਾਤਾਂ ਨੂੰ ਦੇਖਦਿਆ ਹੋਇਆ ਇੱਥੇ ਰਹਿਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਉਸਨੇ ਉੱਥੋਂ ਦੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਜ਼ਾ ਵਧਾਉਣ ਲਈ ਉੱਥੇ ਦੇ ਏਜੰਟ ਨੂੰ 2000 ਡਾਲਰ ਦਿੱਤਾ ਸੀ ਪਰ ਉਸਨੂੰ ਉੱਥੇ ਉਸ ਵੇਲੇ ਪਤਾ ਲੱਗਾ ਜਦੋਂ ਉਸਨੂੰ ਉੱਥੇ ਪੁਲਿਸ ਨੇ ਰੈਡ ਦੌਰਾਨ ਫੜ ਲ਼ਿਆ ਤੇ ਗੈਰਕਾਨੂਨੀ ਤਰੀਕੇ ਨਾਲ ਰਹਿਣ ਕਾਰਣ ਉੱਥੇ 6 ਮਹੀਨਿਆਂ ਦੀ ਸਜ਼ਾ ਸੁਣਾ ਦਿੱਤੀ ਗਈ। ਉਸਨੇ ਦੱਸਿਆ ਕਿ ਇਹ ਹਲਾਤ ਉਸ ਲਈ ਅਜਿਹੇ ਸੀ ਕਿ ਉਸਨੂੰ ਵੀ ਇੱਕ ਵਾਰ ਤਾਂ ਲੱਗਾ ਕਿ ਉਸਦਾ ਸਭ ਕੁੱਝ ਖਤਮ ਹੋ ਗਿਆ ਹੈ। ਉਸਨੇ ਦੱਸਿਆ ਕਿ ਉਸਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪਰਿਵਾਰ ਨਾਲ ਸੰਪਰਕ ਕਰਕੇ ਦੱਸ ਦਿੱਤਾ ਸੀ।
ਉਸ ਨਾਲ ਪਹੁੰਚੇ ਉਸਦੇ ਭਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਬਾਰੇ ਜਾਣਕਾਰੀ ਮਿਲਦਿਆ ਹੀ ਉਹਨਾਂ ਵੱਲੋ ਪ੍ਰਦੀਪ ਸਿੰਘ ਖਾਲਸਾ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 02 ਅਪ੍ਰੈਲ ਨਾਲ ਸੰਪਰਕ ਕੀਤਾ। ਜਿਸਤੇ ਸੰਤ ਸੀਚੇਵਾਲ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਸਦਕਾ ਜਗਦੀਪ 10 ਅਪ੍ਰੈਲ ਨੂੰ ਸਹੀ ਸਲਾਮਤ ਵਾਪਿਸ ਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵਿਧਵਾ ਤੇ ਬਜ਼ੁਰਗ ਮਾਂ ਨੂੰ ਉਸਦੇ ਪੁੱਤਰ ਨਾਲ ਮਿਲਾਉਣ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ।

Comment here

Verified by MonsterInsights