ਸਮਰਾਲਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਇਲਾਕੇ ‘ਚ ਹੈਰੋਇਨ ਵੇਚਣ ਵਾਲੇ ਪਤੀ-ਪਤਨੀ ਅਤੇ ਨਸ਼ਾ ਸਪਲਾਈ ਕਰਨ ਵਾਲੇ ਸਪਲਾਇਰ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਉਨ੍ਹਾਂ ਕੋਲੋਂ 19 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਪਤੀ-ਪਤਨੀ ਦੀ ਪਛਾਣ ਨੇੜਲੇ ਪਿੰਡ ਹਰਿਓਂ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਅਤੇ ਉਸਦੀ ਪਤਨੀ ਪਰਦੀਪ ਕੌਰ ਵਜੋਂ ਹੋਈ ਹੈ। ਇਨ੍ਹਾਂ ਨੂੰ ਕਿਸੇ ਗੁਪਤ ਇਤਲਾਹ ਤੇ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ.ਐਸ.ਪੀ ਨੇ ਦੱਸਿਆ ਕਿ ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਹੈਰੋਇਨ ਵਰਿੰਦਰ ਕੁਮਾਰ ਉਰਫ ਬਿੰਦੂ ਵਾਸੀ ਨੇੜੇ ਦੁਰਗਾ ਮੰਦਰ ਰੋਡ ਸਮਰਾਲਾ ਕੋਲੋਂ ਲੈਕੇ ਆਉਦੇ ਹਨ। ਪੁਲਿਸ ਨੇ ਜਦੋਂ ਵਰਿੰਦਰ ਕੁਮਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਵੀ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਦੇ ਗਲਤ ਕੰਮਾਂ ‘ਚ ਉਸਦੀ ਪਤਨੀ ਵੀ ਸਾਥ ਦਿੰਦੀ ਸੀ ਅਤੇ ਜਦੋਂ ਵੀ ਉਹ ਸਪਲਾਈ ਲੈਣ ਜਾਂ ਦੇਣ ਕਿਤੇ ਵੀ ਜਾਂਦੇ ਸੀ ਤਾਂ ਇਕੱਠੇ ਹੀ ਜਾਂਦੇ ਸੀ ਕਿ ਪੁਲਿਸ ਨੂੰ ਔਰਤ ਨਾਲ ਹੋਣ ਕਰਕੇ ਕੋਈ ਸ਼ੱਕ ਨਾਂ ਹੋਵੇ। ਇਨ੍ਹਾਂ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਤਰਲੋਚਨ ਸਿੰਘ ਅਤੇ ਅਤੇ ਐਸਐਚਓ ਪਵਿੱਤਰ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ |
ਸਮਰਾਲਾ ਪੁਲਿਸ ਨੇ 19 ਗ੍ਰਾਮ ਹੈਰੋਇਨ ਸਣੇ ਪਤੀ ਪਤਨੀ ਅਤੇ ਸਪਲਾਇਰ ਕੀਤਾ ਕਾਬੂ
