ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਵਾਲ ਮੌਲਵੀਆ ਵਿਖੇ ਸ਼ੁੱਕਰਵਾਰ ਸਵੇਰੇ ਟਰੈਕਟਰ-ਟਰਾਲੀ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੌਣਕੀ ਰਾਮ ਪੁੱਤਰ ਰਾਮ ਲਾਲ ਵਾਸੀ ਪਿੰਡ ਡਡਵਿੰਡੀ (ਸੁਲਤਾਨਪੁਰ ਲੋਧੀ) ਦੇ ਸ਼ਾਹਕੋਟ ਰਹਿੰਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਈ ਸੀ। ਅੱਜ ਸਵੇਰੇ ਰੌਣਕੀ ਰਾਮ ਆਪਣੇ ਭਰਾਂ ਰੌਸ਼ਨ ਲਾਲ ਅਤੇ ਲੜਕੇ ਸਾਹਿਲ ਨੂੰ ਨਾਲ ਲੈ ਕੇ ਸ਼ਾਹਕੋਟ ਵਿਖੇ ਆ ਰਿਹਾ ਸੀ, ਜਦ ਉਹ ਕਰੀਬ 11 ਵਜੇ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਵਾਲ ਮੌਲਵੀਆ ਵਿਖੇ ਪਹੁੰਚਿਆ ਤਾਂ ਸੜਕ ਖਰਾਬ ਹੋਣ ਕਾਰਨ ਸਾਹਮਣੇ ਤੋਂ ਆ ਰਹੇ ਇੱਕ ਟਰੈਕਟਰ-ਟਰਾਲੀ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਰੌਣਕੀ ਰਾਮ ਦਾ ਸਿਰ ਟਰਾਲੀ ਵਿੱਚ ਵੱਜਾ, ਜਦਕਿ ਉਸ ਦਾ ਭਰਾਂ ਅਤੇ ਲੜਕਾ ਕੱਚੇ ਪਾਸੇ ਡਿੱਗ ਗਏ। ਹਾਦਸੇ ‘ਚ ਰੌਣਕੀ ਰਾਮ ਗੰਭੀਰ ਜਖਮੀ ਹੋ ਗਿਆ ਅਤੇ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਜਖਮੀ ਰੌਣਕੀ ਰਾਮ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ, ਜਿਥੇ ਐਰਜੈਂਸੀ ਡਿਊਟੀ ਤੇ ਮੌਜੂਦ ਮੈਡੀਕਲ ਅਫ਼ਸਰ ਡਾਕਟਰ ਰਾਜਵੀ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ। ਹਾਦਸੇ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਬੂਟਾ ਸਿੰਘ ਮੌਕੇ ਤੇ ਪਹੁੰਚੇ, ਜਿਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ। ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਵਾਲ ਮੌਲਵੀਆ ਵਿਖੇ ਟਰੈਕਟਰ-ਟਰਾਲੀ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
