ਸ਼ਾਹਕੋਟ ਵਿਖੇ ਮਲਸੀਆਂ ਰੋਡ ਦਾਣਾ ਮੰਡੀ ਨਜ਼ਦੀਕ ਪੰਜਾਬ ਰੋਡਵੇਜ਼ ਦੀ ਬਸ ਦੀ ਅਚਾਨਕ ਫੇਟ ਵੱਜਣ ਕਾਰਨ ਇੱਕ ਬੱਚਾ ਗੰਭੀਰ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਵਾਸੀ ਪਿੰਡ ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਆਪਣੇ ਲੜਕੇ ਮਨਿੰਦਰ ਸਿੰਘ ਅਤੇ ਪਤਨੀ ਸਮੇਤ ਮਲਸੀਆਂ ਰੋਡ ਸ਼ਾਹਕੋਟ ਤੋਂ ਲੰਘ ਰਿਹਾ ਸੀ ਤਾਂ ਇਸੇ ਦੌਰਾਨ ਦਾਣਾ ਮੰਡੀ ਨਜ਼ਦੀਕ ਮਹਾਂ ਸਿ਼ਵਰਾਤਰੀ ਸਬੰਧੀ ਪਕੌੜਿਆ ਦਾ ਲੰਗਰ ਲੱਗਾ ਹੋਣ ਕਾਰਨ ਬੱਚੇ ਮਨਿੰਦਰ ਸਿੰਘ ਨੇ ਪਕੌੜੇ ਖਾਣ ਲਈ ਆਪਣੇ ਪਿਤਾ ਨੂੰ ਰੋਕ ਲਿਆ। ਜਦ ਬੱਚਾ ਮਨਿੰਦਰ ਸਿੰਘ ਆਪਣੀ ਮਾਂ ਨਾਲ ਲੰਗਰ ਤੋਂ ਪਕੌੜੇ ਲੈ ਕੇ ਵਾਪਸ ਆਪਣੇ ਪਿਤਾ ਪਾਸ ਆਉਣ ਲਈ ਖੜ੍ਹਾ ਸੀ ਤਾਂ ਉਹ ਅਚਾਨਕ ਆਪਣੀ ਮਾਂ ਨੂੰ ਛੱਡ ਕੇ ਸੜਕ ਪਾਰ ਕਰਕੇ ਆਪਣੇ ਪਿਤਾ ਕੋਲ ਭੱਜ ਕੇ ਜਾਣ ਲੱਗਾ ਤਾਂ ਇਸੇ ਦੌਰਾਨ ਮੋਗਾ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬਸ ਨੰਬਰ ਪੀ.ਬੀ.04.-ਏ.ਏ.-7368 ਨਾਲ ਉਸ ਦੀ ਟੱਕਰ ਹੋ ਗਈ। ਬਸ ਨੂੰ ਡਰਾਇਵਰ ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜਵਾਹਰ ਸਿੰਘ ਵਾਲਾ (ਫਿਰੋਜ਼ਪੁਰ) ਚਲਾ ਰਿਹਾ ਸੀ। ਬਸ ਚਾਲਕ ਨੇ ਤੁਰੰਤ ਬਸ ਰੋਕ ਕੇ ਆਸ-ਪਾਸ ਖੜ੍ਹੇ ਲੋਕਾਂ ਨੂੰ ਮਦਦ ਕਰਨ ਲਈ ਕਿਹਾ, ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਅਖੀਰ ਉਸ ਨੇ ਬੱਚੇ ਦੇ ਪਿਤਾ ਦੇ ਮੋਟਰਸਾਈਕਲ ਤੇ ਬੱਚੇ ਦੇ ਮਾਤਾ-ਪਿਤਾ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾ. ਮਨਦੀਪ ਸਿੰਘ ਮੈਡੀਕਲ ਅਫ਼ਸਰ ਨੇ ਜਖਮੀ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ।ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੀ ਖੱਬੀ ਲੱਤ ਦੇ ਪੱਟ ਤੇ ਗੰਭੀਰ ਸੱਟ ਹੈ। ਇਸ ਸਬੰਧੀ ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਏ.ਐਸ.ਆਈ. ਮਨਦੀਪ ਸਿੰਘ ਮੌਕੇ ਤੇ ਪਹੁੰਚੇ, ਜਿਨ੍ਹਾਂ ਬਸ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
PRTC ਬੱਸ ਦੀ ਚਪੇਟ ‘ਚ ਆਇਆ ਬੱਚਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
