ਬਟਾਲਾ ਪੁਲਿਸ ਵੱਲੋ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਅਮਰੀਕਾ ਸਥਿਤ ਗੁਰਦੇਵ ਜੱਸਲ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਫਿਰੌਤੀ ਰੈਕੇਟ ਦਾ ਪਰਦਾਫਾਸ ਕਰ ਕੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਰਾਹੀਂ ਇਸ ਦੀ ਪੁਸਟੀ ਕੀਤੀ ਗਈ ਹੈ ਫੜੇ ਗਏ ਮੁਲਜਮਾਂ ’ਚ ਬਟਾਲਾ ਪੁਲਿਸ ਦਾ ਇੱਕ ਏ ਐਸ ਆਈ ਵੀ ਸਾਮਿਲ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ 4 ਫਰਵਰੀ ਨੂੰ ਜੱਸਲ ਦੇ ਸਾਥੀਆਂ ਨੇ ਕਲਾਨੌਰ ਸਥਿਤ ਵਪਾਰੀ ਦੇ ਪੈਟਰੋਲ ਪੰਪ ‘ਤੇ ਗੋਲੀਬਾਰੀ ਕੀਤੀ ਸੀ। ਲਗਾਤਾਰ ਧਮਕੀ ਭਰੇ ਕਾਲਾਂ ਕਰਨ ਅਤੇ 1 ਕਰੋੜ ਦੀ ਮੰਗ ਤੋਂ ਬਾਅਦ, ਕਾਰੋਬਾਰੀ ਨੇ ਆਖਰਕਾਰ 11 ਫਰਵਰੀ ਨੂੰ 50 ਲੱਖ ਰੁਪਏ ਦੇ ਦਿੱਤੇ ਸੀ।
ਐਸ ਐਸ ਪੀ ਬਟਾਲਾ ਸੁਹੇਲ ਕਾਸਮ ਮੀਰ ਨੇ ਦੱਸਿਆ ਕਿ ਤਕਨੀਕੀ ਜਾਂਚ ‘ਤੇ ਕਾਰਵਾਈ ਕਰਦੇ ਹੋਏ, ਏ.ਐਸ.ਆਈ. ਸੁਰਜੀਤ ਸਿੰਘ ਅਤੇ ਅੰਕੁਸ ਮੈਨੀ ਨੂੰ ਫਿਰੌਤੀ ਫੰਡ ਇਕੱਠੇ ਕਰਨ ਅਤੇ ਵੰਡਣ ਵਿੱਚ ਸਾਮਲ ਹੋਣ ਲਈ ਗਿ੍ਰਫਤਾਰ ਕੀਤਾ ਗਿਆ ਸੀ। ਜੱਸਲ ਦੇ ਗਿਰੋਹ ਨੇ ਧਮਕੀਆਂ ਅਤੇ ਫਿਰੌਤੀਆਂ ਲਈ ਵਿਦੇਸੀ ਨੰਬਰਾਂ ਦੀ ਵਰਤੋਂ ਕੀਤੀ ਅਤੇ ਫਿਰੌਤੀ ਫੰਡ ਕਈ ਵਿਚੋਲਿਆਂ ਰਾਹੀਂ ਭੇਜੇ ਗਏ। ਪੁਲਿਸ ਨੇ ਫੜੇ ਗਏ ਏ ਐਸ ਆਈ ਦੇ ਘਰੋਂ 83 ਲੱਖ ਰੁਪਏ, ਗੈਰ-ਕਾਨੂੰਨੀ ਹਥਿਆਰ ਅਤੇ ਲਗਜਰੀ ਵਾਹਨ ਵੀ ਬਰਾਮਦ ਕੀਤਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਏਐਸਆਈ ਨੂੰ 14 ਫਰਵਰੀ ਨੂੰ ਉਸਦੇ ਘਰੋਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਬਟਾਲਾ ਪੁਲਿਸ ਨੇ ਉਸ ਵੇਲੇ ਕੋਈ ਪੁਸਟੀ ਨਹੀਂ ਸੀ ਕੀਤੀ।